ਕੱਸੀ ਟੁੱਟਣ ਕਾਰਨ ਕਈ ਏਕੜ ਫਸਲ ‘ਚ ਭਰਿਆ ਪਾਣੀ


ਭੀਖੀ, 11 ਜੂਨ (ਬਹਾਦਰ ਖਾਨ) : ਸ਼ੇਰੋਂ ਰਜਬਾਹਾ ਵਿਚੋਂ ਨਿਕਲਦੇ ਸੂਆ ਨੰਬਰ 13 ਜੱਸੜਵਾਲ ਵਿੱਚ ਪਾੜ ਪੈਣ ਨਾਲ ਕਈ ਕਿਸਾਨਾਂ ਦੀ ਜ਼ਮੀਨ ਵਿੱਚ ਪਾਣੀ ਭਰਨ ਨਾਲ ਫਸਲਾਂ ਦਾ ਨੁਕਸਾਨ ਹੋ ਗਿਆ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਜਗਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਬੀਤੇ ਦਿਨੀਂ ਇਸ ਸੂਏ ਵਿੱਚ ਪਾਣੀ ਆਇਆ ਹੈ, ਇਸ ਤੋਂ ਪਹਿਲਾਂ ਇਸ ਸੂਏ ‘ਚ ਕਾਫੀ ਫੁਸ ਫਾਸ ਤੇ ਟੁੱਟੇ ਹੋਏ ਦਰਖਤਾਂ ਦੀਆਂ ਟਾਹਣੀਆਂ ਪਈਆਂ ਸਨ। ਪਾਣੀ ਆਉਣ ‘ਤੇ ਇਹ ਸੂਏ ਦੀ ਟੇਲ ‘ਤੇ ਬਣੀ ਝਿਰੀ ਵਿੱਚ ਫਸ ਗਈਆਂ ਜਿਸ ਕਰਕੇ ਸੂਏ ਵਿੱਚ ਪਾੜ ਪੈ ਗਿਆ, ਜਿਸ ਕਾਰਨ ਕਈ ਏਕੜ ਖੜ੍ਹੀ ਮੂੰਗੀ, ਹਰੇ ਚਾਰੇ ਅਤੇ ਬੀਤੀ ਕੱਲ੍ਹ ਹੀ ਲਗਾਇਆ ਗਿਆ ਝੋਨਾ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ।
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਟੇਲ ਦੀ ਝਿਰੀ ਨੂੰ ਚੋੜਾ ਕੀਤਾ ਜਾਵੇ।

ਉਧਰ ਸਿੰਚਾਈ ਵਿਭਾਗ ਦੇ ਜੇ.ਈ. ਪੁਨੀਤ ਕੁਮਾਰ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਬੇਨਤੀ ‘ਤੇ ਮਹਿਕਮਾ ਤੁਰੰਤ ਕਾਰਵਾਈ ਕਰੇਗਾ ਤੇ ਪਾਣੀ ਦੀ ਗਤੀ ਨੂੰ ਤੇਜ ਕਰਨ ਵਾਲੀ ਝਿਰੀ ਦੀ ਮੁਰੰਮਤ ਕਰਾਉਣ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਕਿਸਾਨ ਗੁਰਮੀਤ ਸਿੰਘ, ਭਿੰਦਰ ਸਿੰਘ, ਲੱਖਾ ਸਿੰਘ, ਨਿੱਕਾ ਖਾਂ, ਬਲਤੇਜ ਸਿੰਘ ਅਤੇ ਬਾਬੂ ਸਿੰਘ ਆਦਿ ਮੌਜੂਦ ਸਨ।