ਪੰਜਾਬ ‘ਚ ਵੱਡੀ ਵਾਰਦਾਤ: ਬਦਮਾਸ਼ਾਂ ਨੇ ਬੈਂਕ ਤੇ ਪੈਟਰੋਲ ਸੁੱਟ ਕੇ ਲਾਈ ਅੱਗ, ਘਟਨਾ ਸੀਸੀਟੀਵੀ ‘ਚ ਕੈਦ !


ਗੁਰਦਾਸਪੁਰ , 10 ਜੂਨ 2025 (ਨਿਊਜ਼ ਟਾਊਨ ਨੈਟਵਰਕ) :
ਗੁਰਦਾਸਪੁਰ ਦੇ ਥਾਣਾ ਦੀਨਾਨਗਰ ਅਧੀਨ ਆਉਂਦੇ ਪਿੰਡ ਗਾਂਧੀਆਂ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਨੂੰ ਦੇਰ ਰਾਤ ਇੱਕ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸਾਰੀ ਘਟਨਾ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ।ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਮੈਨੇਜਰ ਸੰਦੀਪ ਅੱਤਰੀ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਅਸੀਂ ਸ਼ਾਮ ਵੇਲੇ ਬੈਂਕ ਬੰਦ ਕਰਕੇ ਘਰ ਚਲੇ ਗਏ । ਸਵੇਰੇ ਕਿਸੇ ਦਾ ਸਾਨੂੰ ਫੋਨ ਆਇਆ ਕਿ ਬੈਂਕ ਨੂੰ ਅੱਗ ਲੱਗੀ ਹੋਈ ਹੈ ।ਜਦ ਆ ਕੇ ਦੇਖਿਆ ਤਾਂ ਬੈਂਕ ਦੇ ਬਾਹਰਲੀ ਸਾਈਡ ਤੇ ਲੱਗੇ ਫਲੈਕਸੀ ਬੋਰਡ ਸਮੇਤ ਬਿਜਲੀ ਦੀਆਂ ਸਾਰੀਆਂ ਤਾਰਾਂ ਸੜ ਕੇ ਸੁਆਹ ਹੋ ਗਈਆਂ ਸਨ । ਜਦ ਬੈਂਕ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਇੱਕ ਨੌਜਵਾਨ ਰਾਤ ਕਰੀਬ 12 ਵਜੇ ਹੱਥ ਵਿੱਚ ਪੈਟਰੋਲ ਦੀ ਕੈਨੀ ਲੈ ਕੇ ਆਉਂਦਾ ਹੈ ਅਤੇ ਉਸ ਵੱਲੋਂ ਪਹਿਲਾਂ ਬੈਂਕ ਦੇ ਉੱਤੇ ਪੈਟਰੋਲ ਸੁੱਟਿਆ ਜਾਂਦਾ ਹੈ ਅਤੇ ਬਾਅਦ ਵਿੱਚ ਅੱਗ ਲਗਾਈ ਜਾਦੀ ਹੈ ਤੇ ਮੌਕੇ ਫਰਾਰ ਹੋ ਜਾਂਦਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਹੈ ਇਸ ਸਬੰਧੀ ਦੀਨਾਨਗਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।