ਆਸਟਰੀਆ ਦੇ ਗ੍ਰੈਜ਼ ਸ਼ਹਿਰ ਦੇ ਸਕੂਲ ‘ਚ ਫ਼ਾਇਰਿੰਗ, 9 ਲੋਕਾਂ ਦੀ ਮੌਤ, ਕਈ ਜ਼ਖਮੀ


ਗ੍ਰੈਜ਼, ਆਸਟਰੀਆ, 10 ਜੂਨ 2025 (ਨਿਊਜ਼ ਟਾਊਨ ਨੈਟਵਰਕ) : ਆਸਟਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗ੍ਰੈਜ਼ ਦੇ ਇੱਕ ਸਕੂਲ ‘ਚ ਫ਼ਾਇਰਿੰਗ ਹੋਣ ਦੀ ਖ਼ਬਰ ਹੈ ਜਿਸ ‘ਚ ਘੱਟੋ-ਘੱਟ 9 ਲੋਕ ਮਾਰੇ ਗਏ ਹਨ ਜਦਕਿ ਕਈ ਜ਼ਖਮੀ ਹੋ ਗਏ ਹਨ। ਪੀੜਤਾਂ ‘ਚ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹਨ।

ਦੱਸਿਆ ਜਾ ਰਿਹਾ ਹੈ ਫਾਇਰਿੰਗ ਕਰਨ ਵਾਲਾ ਸ਼ੱਕੀ ਹਮਲਾਵਾਰ ਕਥਿਤ ਤੌਰ ‘ਤੇ ਇੱਕ ਵਿਦਿਆਰਥੀ ਹੈ ਤੇ ਹਮਲਾ ਕਰਨ ਤੋਂ ਬਾਅਦ ਉਸਨੇ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਉਸਦੀ ਲਾਸ਼ ਵਾਸ਼ਰੂਮ ‘ਚੋਂ ਮਿਲੀ। ਹਮਲੇ ਦੀ ਸੂਚਨਾ ਮਿਲਦੇ ਹੀ ਮੰਗਲਵਾਰ ਸਵੇਰੇ ਵੱਡੀ ਗਿਣਤੀ ਵਿੱਚ ਪੁਲਿਸ ਮੌਕੇ ‘ਤੇ ਤਾਇਨਾਤ ਕਰ ਦਿੱਤੀ ਗਈ।
ਪੁਲਿਸ ਬੁਲਾਰੇ ਸਾਬਰੀ ਯੋਰਗੁਨ ਨੇ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ ਅਤੇ ਸੁਰੱਖਿਆ ਏਜੰਸੀਆਂ ਹੁਣ ਸਥਿਤੀ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਸਕੂਲ ਵਿੱਚ ਗੋਲੀਬਾਰੀ ਅਤੇ ਉੱਥੇ ਗੰਭੀਰ ਸਥਿਤੀ ਬਾਰੇ ਸੂਚਿਤ ਕੀਤਾ ਗਿਆ। ਕਾਲ ਮਿਲਣ ਤੋਂ ਤੁਰੰਤ ਬਾਅਦ ਵਿਸ਼ੇਸ਼ ਬਲਾਂ ਸਮੇਤ ਸੁਰੱਖਿਆ ਬਲਾਂ ਨੂੰ ਸਕੂਲ ਭੇਜ ਦਿੱਤਾ ਗਿਆ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ
ਦੱਸ ਦੇਈਏ ਕਿ ਗ੍ਰੈਜ਼ ਆਸਟਰੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸਦੀ ਆਬਾਦੀ ਲਗਭਗ 3 ਲੱਖ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਦੇਣ ਦਾ ਭਰੋਸਾ ਦਿੱਤਾ ਹੈ।