ਦਰਬਾਰ ਸਾਹਿਬ ਪਹੁੰਚੇ ਡੇਰਾ ਬਿਆਸ ਮੁਖੀ, ਕੀਤੀ ਅਰਦਾਸ


ਅੰਮ੍ਰਿਤਸਰ, 9 ਜੂਨ 2025 (ਨਿਊਜ਼ ਟਾਊਨ ਨੈਟਵਰਕ) :
Dera Beas Chief Gurinder Singh Dhillon:
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤੇ ਗੁਰੂ ਚਰਨਾਂ ‘ਚ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਗੁਰਬਾਣੀ ਕੀਰਤਨ ਸਰਵਨ ਕੀਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਹਨ।
ਦੱਸ ਦਈਏ ਕਿ 9 ਮਹੀਨੇ ਪਹਿਲਾਂ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਾਧਿਕਾਰੀ ਐਲਾਨਿਆ ਸੀ। ਇਸ ਐਲਾਨ ਤੋਂ ਕੁਝ ਸਮੇਂ ਬਾਅਦ ਹੀ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਸੀ ਕਿ ਬਾਬਾ ਗੁਰਿੰਦਰ ਸਿੰਘ ਹੀ ਡੇਰੇ ਦੇ ਮੁਖੀ ਹਨ ਤੇ ਨਵੇਂ ਬਾਬਾ ਜੀ ਉਨ੍ਹਾਂ ਨਾਲ ਬੈਠਣਗੇ।
ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦਾ ਰਾਜਨੀਤਕ ਤੇ ਸਮਾਜਿਕ ਖੇਤਰ ਵਿੱਚ ਵਿਸ਼ੇਸ਼ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਆਗੂ ਇੱਥੇ ਆਏ ਹਨ। ਉੱਤਰਾਧਿਕਾਰੀ ਦਾ ਇਹ ਐਲਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਉੱਤਰਾਧਿਕਾਰੀ ਦਾ ਐਲਾਨ ਨਾ ਹੋਣ ਕਾਰਨ ਹਰਿਆਣਾ ਦੇ ਡੇਰਾ ਜਗਮਾਲਵਾਲੀ ਵਿੱਚ ਦੋ ਧੜਿਆਂ ਵਿੱਚ ਵਿਵਾਦ ਹੋਇਆ ਸੀ।
ਦੱਸ ਦਈਏ ਕਿ ਨਵੇਂ ਮੁਖੀ ਐਲਾਨੇ ਗਏ ਜਸਦੀਪ ਸਿੰਘ ਗਿੱਲ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਧਿਕਾਰੀ ਤੇ ਸੀਈਓ ਵਜੋਂ ਕੰਮ ਕਰਦੇ ਸਨ। ਉਹ 2019 ਵਿੱਚ ਸਿਪਲਾ ਵਿੱਚ ਸ਼ਾਮਲ ਹੋਏ ਤੇ 31 ਮਈ 2024 ਨੂੰ ਅਹੁਦਾ ਛੱਡ ਦਿੱਤਾ। ਉਹ ਐਥ੍ਰਿਸ ਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਬੋਰਡ ਆਬਜ਼ਰਵਰ ਵਜੋਂ ਵੀ ਜੁੜੇ ਹੋਏ ਸਨ। ਉਹ ਮਾਰਚ 2024 ਤੱਕ ਵੈਲਥੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਸਨ। ਇਸ ਤੋਂ ਪਹਿਲਾਂ ਉਹ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਤੇ ਕੈਂਬਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਵਜੋਂ ਸੇਵਾ ਨਿਭਾਉਂਦੇ ਰਹੇ।
ਨਵੇਂ ਮੁਖੀ ਜਸਦੀਪ ਸਿੰਘ ਗਿੱਲ ਕੋਲ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਹੈ। ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਬਾਇਓ-ਕੈਮੀਕਲ ਇੰਜੀਨੀਅਰਿੰਗ ਤੇ ਬਾਇਓਟੈਕਨਾਲੋਜੀ ਵਿੱਚ ਗ੍ਰੈਜੂਏਸ਼ਨ ਤੇ ਪੋਸਟ-ਗ੍ਰੈਜੂਏਸ਼ਨ ਡਿਗਰੀਆਂ ਪ੍ਰਾਪਤ ਕੀਤੀਆਂ।