ਕੈਨੇਡਾ ਦੀ ਫ਼ਾਈਲ ਰਿਜੈਕਟ ਹੋਣ ‘ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ


ਬਰਨਾਲਾ, 9 ਜੂਨ 2025 (ਨਿਊਜ਼ ਟਾਊਨ ਨੈਟਵਰਕ) :
ਬਰਨਾਲਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਰਨਾਲਾ ਦੇ ਪਿੰਡ ਸੁਖਪੁਰਾ ਦੇ ਇਕ ਨੌਜਵਾਨ ਨੇ ਕੈਨੇਡਾ ਦੀ ਫਾਈਲ ਰਿਜੈਕਟ ਹੋਣ ਤੋਂ ਦੁਖੀ ਹੋ ਕੇ ਖੁੱਦ ਨੂੰ ਗੋਲੀ ਮਾਰ ਕੇ ਖੁ਼ਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਦਿਲਪ੍ਰੀਤ ਕੈਨੇਡਾ ਜਾਉਣ ਦਾ ਇਛੁੱਕ ਸੀ ਜਿਸ ਲਈ ਉਸ ਨੇ ਆਪਣੀ ਫ਼ਾਈਲ ਵੀ ਲਗਾਈ ਹੋਈ ਸੀ। ਕੈਨੇਡਾ ਦੀ ਫ਼ਾਈਲ ਰੱਦ ਹੋਣ ਤੋਂ ਬਾਅਦ ਦਿਲਪ੍ਰੀਤ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਹੈਰਾਨ ਕਰਨ ਵਾਲੀ ਇਸ ਘਟਨਾ ਨਾਲ ਇਲਾਕੇ ਵਿੱਚ ਦੁਖ ਦੀ ਲਹਿਰ ਹੈ।
ਦਿਲਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਦਿਲਪ੍ਰੀਤ ਦੀ ਭੈਣ ਕੈਨੇਡਾ ‘ਚ ਰਹਿੰਦੀ ਹੈ। ਆਪਣੀ ਭੈਣ ਕੋਲ ਜਾਣ ਲਈ ਦਿਲਪ੍ਰੀਤ ਨੇ ਕੈਨੇਡਾ ਲਈ ਅਰਜ਼ੀ ਦਿੱਤੀ ਸੀ, ਜੋ ਰੱਦ ਹੋ ਗਈ। ਫਾਈਲ ਰੱਦ ਹੋਣ ਮਗਰੋਂ ਦਿਲਪ੍ਰੀਤ ਕਾਫੀ ਤਣਾਅ ਚ ਸੀ। ਹਾਲਾਂਕਿ ਫਾਈਲ ਰੱਦ ਹੋਣ ਤੋਂ ਬਾਅਦ ਪਰਿਵਾਰ ਉਸ ਨੂੰ ਪੰਜਾਬ ‘ਚ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਹਿ ਰਹੇ ਸਨ। ਪਰਿਵਾਰ ਕੋਲ ਖੇਤੀ ਲਈ ਕੋਈ ਜ਼ਮੀਨ ਨਹੀਂ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਦਿਲਪ੍ਰੀਤ ਦੀ ਦਾਦੀ ਤੇ ਮਾਂ ਘਰ ‘ਚ ਮੌਜੂਦ ਸਨ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਪਿੰਡ ਸੁਖਪੁਰਾ ਦੇ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਘਟਨਾ ਤੋਂ ਪਹਿਲਾਂ ਦਿਲਪ੍ਰੀਤ ਆਪਣੀ ਮਾਂ ਨਾਲ ਘਰੇਲੂ ਕੰਮ ਕਰਦਾ ਰਿਹਾ ਸੀ ਤੇ ਇਸ ਦੌਰਾਨ ਉਸ ਨੇ ਆਪਣੀ ਦਾਦੀ ਦੀਆਂ ਅੱਖਾਂ ਵਿੱਚ ਦਵਾਈ ਵੀ ਪਾਈ। ਇਸ ਤੋਂ ਬਾਅਦ ਉਸ ਨੇ ਕਮਰੇ ‘ਚ ਜਾ ਕੇ ਘਰ ‘ਚ ਰੱਖੀ 12 ਬੋਰ ਦੀ ਬੰਦੂਕ ਨਾਲ ਖੁੱਦ ਨੂੰ ਗੋਲੀ ਮਾਰ ਲਈ ਤੇ ਦਿਲਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ।
ਸ਼ਹਿਣਾ ਥਾਣੇ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੀ ਕਬਜ਼ੇ ਵਿੱਚ ਲੈ ਲਿਆ ਤੇ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਪੁਲਿਸ ਮੁਤਾਬਕ ਲਾਸ਼ ਦੇ ਨੇੜੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ।