ਪ੍ਰੇਮੀਕਾ ਦੇ ਘਰੋਂ ਮਿਲੀ ਨੌਜਵਾਨ ਦੀ ਲਾਸ਼, ਮਾਂ-ਧੀ ਗ੍ਰਿਫਤਾਰ

ਬਟਾਲਾ ‘ਚ 6 ਦਿਨਾਂ ਤੋਂ ਸੀ ਲਾਪਤਾ ਪ੍ਰੇਮੀ

ਪਰਿਵਾਰਾਂ ਦੀ ਸਹਿਮਤੀ ਨਾਲ ਹੋਈ ਸੀ ਮੰਗਣੀ
ਬਟਾਲਾ, 9 ਜੂਨ 2025 (ਨਿਊਜ਼ ਟਾਊਨ ਨੈਟਵਰਕ) :
ਬਟਾਲਾ ਦੇ ਭੁੱਲਰ ਰੋਡ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪ੍ਰੇਮਿਕਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ 17 ਸਾਲਾ ਪ੍ਰੇਮੀ ਸਾਹਿਲ ਮੱਟੂ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਆਪਣੇ ਘਰ ਦੇ ਵਿਹੜੇ ‘ਚ ਹੀ ਦੱਬ ਦਿੱਤਾ। ਬਟਾਲਾ ਦੇ ਪਿੰਡ ਪੁੰਡਰ ਦੇ ਨਯਾ ਆਬਾਦੀ ਦਾ ਵਾਸੀ ਸਾਹਿਲ ਪਿਛਲੇ 6 ਦਿਨਾਂ ਤੋਂ ਲਾਪਤਾ ਸੀ। ਥਾਣਾ ਸਿਵਲ ਲਾਈਨ, ਬਟਾਲਾ ਵਿੱਚ ਚੈਰੀ (ਪ੍ਰੇਮਿਕਾ), ਉਸਦੀ ਮਾਂ ਕੁਲਜੀਤ, ਭਰਾ ਅਤੇ ਦੋ ਹੋਰਾਂ ਸਮੇਤ 5 ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮ੍ਰਿਤਕ ਨੌਜਵਾਨ ਸਾਹਿਲ ਦੀ ਮਾਂ ਬੇਵੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਚੈਰੀ ਦੇ ਘਰ ਪਹੁੰਚੀ ਤਾਂ ਘਰ ਚ ਆ ਰਹੀ ਬਦਬੂ ਨੇ ਉਨ੍ਹਾਂ ਦਾ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ। ਪ੍ਰੇਮੀਕਾ ਚੈਰੀ ਦੀ ਮਾਂ ਕੁਲਜੀਤ ਨੇ ਦਾਅਵਾ ਕੀਤਾ ਕਿ ਸਾਹਿਲ ਉਨ੍ਹਾਂ ਦੀ ਧੀ ਨਾਲ ਘੁੰਮਣ ਗਿਆ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗਾ। ਸ਼ੱਕ ਹੋਣ ‘ਤੇ ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਵਿਹੜੇ ਦੀ ਖੁਦਾਈ ਸ਼ੁਰੂ ਕਰ ਦਿੱਤੀ। ਲਗਭਗ ਡੇਢ ਘੰਟੇ ਦੀ ਖੁਦਾਈ ਤੋਂ ਬਾਅਦ ਸਾਹਿਲ ਦੀ ਲਾਸ਼ ਸਾਢੇ ਚਾਰ ਫੁੱਟ ਡੂੰਘੇ ਟੋਏ ਵਿੱਚੋਂ ਬਰਾਮਦ ਕੀਤੀ ਗਈ।
ਸਾਹਿਲ ਦੇ ਦਾਦਾ ਯੂਨਸ ਮਸੀਹ ਅਤੇ ਮਾਂ ਬੇਵੀ ਨੇ ਦੱਸਿਆ ਕਿ ਸਾਹਿਲ ਅਤੇ ਉਸਦੀ ਪ੍ਰੇਮਿਕਾ ਇਕੱਠੇ ਸਨ ਤੇ ਪ੍ਰੇਮ ਸਬੰਧਾਂ ਵਿੱਚ ਸਨ। ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦੀ ਮੰਗਣੀ ਹੋਈ ਸੀ। ਸਾਹਿਲ ਆਪਣੀ ਪ੍ਰੇਮਿਕਾ ਦੇ ਘਰ ਆਉਂਦਾ ਜਾਂਦਾ ਸੀ ਤੇ ਅਕਸਰ ਉੱਥੇ ਦਿਨ ਬਿਤਾਉਂਦਾ ਸੀ। ਸਾਹਿਲ 6 ਦਿਨਾਂ ਤੋਂ ਘਰ ਵਾਪਸ ਨਹੀਂ ਮੁੜਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ।
ਡੀਐਸਪੀ ਪਰਮਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ‘ਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

