ਨਿਰੰਕਾਰੀ ਬਾਲ ਸੰਤ ਸਮਾਗਮ ਵਿੱਚ ਬੱਚਿਆਂ ਨੇ ਕੀਤਾ ਸਤਿਗੁਰੂ ਦੀ ਸਿੱਖਿਆਵਾਂ ਦਾ ਗੁਣਗਾਨ


ਚੰਡੀਗੜ੍ਹ 6 ਜੂਨ: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਨਾਲ ਸੈਕਟਰ 15 ਸਥਿਤ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਨਿਰੰਕਾਰੀ ਬਾਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਸ੍ਰੀ ਓਪੀ ਨਿਰੰਕਾਰੀ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਬੱਚਿਆਂ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਜਿਸ ਵਿੱਚ ਸਕਿਟ ਗੀਤ ਅਤੇ ਵਿਚਾਰਾਂ ਨਾਲ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਤੇ ਚੰਡੀਗੜ੍ਹ ਜੋਨ ਦੇ ਜੋਨਲ ਇਨਚਾਰਜ ਸ੍ਰੀ ਓਪੀ ਨਿਰੰਕਾਰੀ ਜੀ ਨੇ ਕਿਹਾ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਬਾਅਦ ਮਾਨਵ ਜੀਵਨ ਸੁੰਦਰ ਬਣ ਜਾਂਦਾ ਹੈ। ਇਹ ਮਨੁੱਖਾ ਜੀਵਨ 84 ਲੱਖ ਜੂਨੀਆਂ ਦੇ ਬਾਅਦ ਮਿਲਿਆ ਹੈ। ਸਾਨੂੰ ਇਸ ਅਨਮੋਲ ਜੀਵਨ ਦਾ ਇੱਕ ਸੈਕਿੰਡ ਵੀ ਵਿਅਰਥ ਨਹੀਂ ਗਵਾਉਣਾ ਚਾਹੀਦਾ। ਜਿੰਨਾ ਵੱਧ ਤੋਂ ਵੱਧ ਹੋ ਸਕੇ ਸਮੇਂ ਦਾ ਸਦ ਪ੍ਰਯੋਗ ਕਰਨਾ ਚਾਹੀਦਾ ਹੈ। ਪੜਾਈ ਵਿੱਚ ਰੁਚੀ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਵਿਸ਼ੇ ਅਤੇ ਉਸ ਦੇ ਚੈਪਟਰ ਨੂੰ ਔਖਾ ਨਹੀਂ ਸਮਝਣਾ ਚਾਹੀਦਾ ਜੇਕਰ ਹਰ ਵਿਸ਼ੇ ਵਿੱਚ ਪੂਰੀ ਲਗਨ ਨਾਲ ਮਿਹਨਤ ਕੀਤੀ ਜਾਵੇਗੀ ਤਾਂ ਔਖਾ ਵੀ ਸੌਖਾ ਲੱਗਣ ਲੱਗੇਗਾ।
ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਪ੍ਰੇਰਣਾ ਦਿੱਤੀ ਕਿ ਉਹ ਖੁਦ ਬੱਚਿਆਂ ਦੇ ਸਾਹਮਣੇ ਸੋਸ਼ਲ ਮੀਡੀਆ ਦਾ ਪ੍ਰਯੋਗ ਘੱਟ ਤੋਂ ਘੱਟ ਕਰਨ ਕਿਉਂਕਿ ਜੇਕਰ ਮਾਤਾ ਪਿਤਾ ਹੀ ਇਸ ਦਾ ਜਿਆਦਾ ਪ੍ਰਯੋਗ ਕਰਨਗੇ ਤਾਂ ਬੱਚਿਆਂ ਨੂੰ ਫਿਰ ਇਸ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ।
ਇਸ ਮੌਕੇ ਤੇ ਸੈਕਟਰ 15 ਏਰੀਆ ਦੇ ਮੁਖੀ ਸ੍ਰੀ ਐਸ ਐਸ ਬਾਂਗਾ ਜੀ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਬੱਚੇ ਨਿਰੰਕਾਰੀ ਮਿਸ਼ਨ ਦਾ ਭਵਿੱਖ ਹਨ। ਬਾਲ ਸਮਾਗਮਾਂ ਦਾ ਵੀ ਇਹੀ ਉਦੇਸ਼ ਹੈ ਕਿ ਬੱਚਿਆਂ ਵਿੱਚ ਗੁਰਮਤ ਦਾ ਬੀਜ ਬਚਪਨ ਤੋਂ ਹੀ ਪੈਦਾ ਹੋ ਜਾਏ।