ਆਸਟਰੇਲੀਆ ਵਿਚ ਸਿੱਖਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ : ਲੀ ਤਰਲਾਮਿਸ


ਅੰਮ੍ਰਿਤਸਰ, 5 ਜੂਨ (ਮੋਹਕਮ ਸਿੰਘ) : ਆਸਟ੍ਰੇਲੀਆ ਵਿਚ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ ਅਤੇ ਉਨ੍ਹਾਂ ਦੇ ਸ਼ੀਨਾ ਵਾਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰੀ ਦਰਬਾਰ ਸਾਹਿਬ ਪਹੁੰਚਣ ਤੇ ਉਨ੍ਹਾਂ ਦਾ ਸਹਿ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਸਵਾਗਤ ਕੀਤਾ। ਇਨਾਂ ਮੈਂਬਰਾਂ ਨੂੰ ਸਿੱਖ ਧਰਮ, ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਸਿਧਾਂਤਾਂ ਬਾਰੇ ਸ. ਰਣਧੀਰ ਸਿੰਘ ਨੇ ਦਸਿਆ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਸਾਰੇ ਮੈਂਬਰ ਪਾਰਲੀਮੈਂਟ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਵੀ ਗਏ ਜਿਥੇ ਉਨ੍ਹਾਂ ਪੰਗਤ ਤੇ ਸੰਗਤ ਬਾਰੇ ਜਾਣਕਾਰੀ ਹਾਸਲ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਆਸਟਰੇਲੀਆ ਦੀ ਮੈਂਬਰ ਪਾਰਲੀਮੈਂਟ ਲੀ ਤਰਲਾਮਿਸ ਨੇ ਦਸਿਆ ਕਿ ਉਨ੍ਹਾਂ ਦੇ ਦੇਸ਼ ਵਿਚ ਸਿੱਖਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਸਿੱਖ ਭਾਈਚਾਰਾ ਅਮਨ-ਕਾਨੂੰਨ ਦੀ ਪਾਲਣਾ ਕਰਨ ਵਾਲਾ ਹੈ ਤੇ ਇਨ੍ਹਾਂ ਨੇ ਹਮੇਸ਼ਾ ਭਾਈਚਾਰਕ ਸਾਂਝ ਬਰਕਰਾਰ ਰਖੀ। ਲੰਘੀਆਂ ਚੋਣਾਂ ਵਿਚ ਸਿੱਖਾਂ ਨੇ ਬਹੁਤ ਸ਼ਾਂਤ ਤੇ ਸੁਚਝੇ ਢੰਗ ਨਾਲ ਭਾਗ ਲਿਆ। ਦੇਸ਼ ਦੀ ਤਰਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ।