ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਪਿਆ ਜ਼ੋਰਦਾਰ ਖੱਪਖਾਨਾ , ਮਨੀਮਾਜਰਾ ਦੀ ਕੌਂਸਲਰ ਗੰਦੇ ਪਾਣੀ ਦੀ ਬੋਤਲ ਲੈ ਕੇ ਮੇਅਰ ਕੋਲ ਪੁੱਜੀ


ਚੰਡੀਗੜ੍ਹ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਚੰਡੀਗੜ੍ਹ ਨਗਰ ਨਿਗਮ ਸਦਨ ਦੀ ਮੀਟਿੰਗ ਵਿਚ ਅੱਜ ਖੂਬ ਖੱਪਖਾਨਾ ਹੋਇਆ। ਦੋਹਾਂ ਪਾਰਟੀਆਂ ਦੇ ਆਗੂਆਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਜਿਵੇਂ ਹੀ ਹੰਗਾਮਾ ਸ਼ੁਰੂ ਹੋਇਆ, ਮੇਅਰ ਨੇ ਭਾਰਤੀ ਫ਼ੌਜ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਬਜਟ ਨਾ ਮਿਲਣ, ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਅਤੇ ਕਮਿਊਨਿਟੀ ਸੈਂਟਰਾਂ ਦੇ ਰੇਟ ਵਧਾਉਣ ਵਿਰੁਧ ਸਦਨ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 24 ਘੰਟੇ ਪਾਣੀ ਸਪਲਾਈ ਦੇ ਮੁੱਦੇ ‘ਤੇ ਵੀ ਵਿਰੋਧ ਪ੍ਰਦਰਸ਼ਨ ਹੋਇਆ।

ਮਨੀਮਾਜਰਾ ਦੀ ਕੌਂਸਲਰ ਸੁਮਨ ਗੰਦੇ ਪਾਣੀ ਦੀ ਬੋਤਲ ਲੈ ਕੇ ਮੇਅਰ ਕੋਲ ਪਹੁੰਚ ਗਈ। ਉਨ੍ਹਾਂ ਕਿਹਾ ਕਿ 24 ਘੰਟੇ ਪਾਣੀ ਸਪਲਾਈ ਦੇ ਦਾਅਵੇ ਨੂੰ ਭੁੱਲ ਜਾਉ, ਸਾਫ਼ ਪਾਣੀ ਦੀ ਸਪਲਾਈ ਕਰਨਾ ਹੀ ਵੱਡੀ ਗੱਲ ਹੋਵੇਗੀ। ਉਥੋਂ ਦੇ ਲੋਕ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸ ਰਹੇ ਹਨ। ਕੌਂਸਲਰਾਂ ਦਾ ਕਹਿਣਾ ਹੈ ਕਿ ਜੇ ਇਹੀ ਸਥਿਤੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਪੂਰੇ ਸ਼ਹਿਰ ਦੀ ਹਾਲਤ ਇਸੇ ਤਰ੍ਹਾਂ ਦੀ ਹੋਵੇਗੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਨੇ ਦੋਸ਼ ਲਗਾਇਆ ਸੀ ਕਿ ਕਮਿਊਨਿਟੀ ਸੈਂਟਰਾਂ ਦੀ ਬੁਕਿੰਗ ਵਿਚ 100 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਮੇਅਰ ਹਰਪ੍ਰੀਤ ਕੌਰ ਬਬਲਾ ਨੇ ਨਿਗਮ ਦੇ ਕਮਿਸ਼ਨਰ ਇਸ ਸਬੰਧੀ ਰਸਮੀ ਜਾਂਚ ਕਰਾਉਣ ਲਈ ਆਖਿਆ ਸੀ। ਮੇਅਰ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਮਿਊਸ਼ਪਲ ਕਾਰਪੋਰੇਸ਼ਨ ਦੀ ਕਮਿਊਨਿਟੀ ਸੈਂਟਰ ਬੁੱਕ ਕਰਨ ਵਾਲੇ ਸਟਾਫ਼ ਦਾ ਵੀ ਤਬਾਦਲਾ ਕਰ ਦਿਤਾ ਸੀ। ਇਹ ਦੋਸ਼ ਲਗਾਏ ਗਏ ਸਨ ਕਿ ਦਲਾਲ ਕਮਿਊਨਿਟੀ ਸੈਂਟਰ ਦੀ ਬੁਕਿੰਗ ਲਈ 26 ਹਜ਼ਾਰ ਤੋਂ 55 ਹਜ਼ਾਰ ਰੁਪਏ ਲੈਂਦੇ ਸਨ।