ਕਰਾਚੀ ਦੀ ਮਲੀਰ ਜੇਲ ਵਿਚੋਂ 216 ਕੈਦੀ ਫ਼ਰਾਰ , 80 ਫਿਰ ਗ੍ਰਿਫ਼ਤਾਰ, 135 ਗ਼ਾਇਬ, ਇਕ ਦੀ ਮੌਤ


ਇਸਲਾਮਾਬਾਦ, 3 ਜੂਨ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਦੀ ਕਰਾਚੀ ਸਥਿਤ ਮਲੀਰ ਜੇਲ ਵਿਚੋਂ 216 ਕੈਦੀ ਫ਼ਰਾਰ ਹੋ ਗਏ। ਜੇਲ ਪ੍ਰਸ਼ਾਸਨ ਦੇ ਅਨੁਸਾਰ ਕਰਾਚੀ ਵਿਚ ਭੂਚਾਲ ਤੋਂ ਬਾਅਦ ਸਾਵਧਾਨੀ ਵਜੋਂ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ। ਸੋਮਵਾਰ ਰਾਤ ਨੂੰ ਇਹ ਘਟਨਾ ਵਾਪਰੀ। ਇਕ ਪਾਕਿਸਤਾਨੀ ਨਿਊਜ਼ ਚੈਨਲ ਅਨੁਸਾਰ ਸਥਿਤੀ ਦਾ ਫ਼ਾਇਦਾ ਉਠਾਉਂਦੇ ਹੋਏ ਕੈਦੀ ਮੁੱਖ ਗੇਟ ਤੋਂ ਭੱਜ ਗਏ। ਇਨ੍ਹਾਂ ਵਿਚੋਂ ਲਗਭਗ 80 ਕੈਦੀ ਦੁਬਾਰਾ ਫੜੇ ਗਏ ਜਦਕਿ 135 ਕੈਦੀ ਅਜੇ ਵੀ ਫ਼ਰਾਰ ਹਨ। ਜੇਲ ਸੁਪਰਡੈਂਟ ਅਰਸ਼ਦ ਸ਼ਾਹ ਨੇ ਅੱਜ ਸਵੇਰੇ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਸੀ ਕਿ ਕੈਦੀ ਕੰਧ ਤੋੜ ਕੇ ਭੱਜ ਗਏ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਕੰਧ ਨਹੀਂ ਟੁੱਟੀ, ਸਾਰੇ ਕੈਦੀ ਭਜਾੜ ਵਿਚਕਾਰ ਮੁੱਖ ਗੇਟ ਤੋਂ ਭੱਜ ਗਏ। ਗ੍ਰਹਿ ਮੰਤਰੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ 700 ਤੋਂ 1000 ਕੈਦੀਆਂ ਨੂੰ ਬੈਰਕਾਂ ਵਿਚੋਂ ਬਾਹਰ ਲਿਆਂਦਾ ਗਿਆ। ਇਸ ਅਫ਼ਰਾ-ਦਫ਼ਰੀ ਵਿਚ 100 ਤੋਂ ਵੱਧ ਕੈਦੀਆਂ ਨੇ ਮੁੱਖ ਗੇਟ ਵੱਲ ਧੱਕਾਮੁੱਕੀ ਸ਼ੁਰੂ ਕਰ ਦਿਤੀ। ਜੇਲ ਪ੍ਰਸ਼ਾਸਨ ਅਨੁਸਾਰ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਕਾਰਵਾਈ ਵਿਚ ਵਿਸ਼ੇਸ਼ ਸੁਰੱਖਿਆ ਯੂਨਿਟ (SSU), ਰੈਪਿਡ ਰਿਸਪਾਂਸ ਫ਼ੋਰਸ (RRF), ਰੇਂਜਰਜ਼ ਅਤੇ ਫ਼ਰੰਟੀਅਰ ਕੋਰ (FC) ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ। ਘਟਨਾ ਤੋਂ ਤੁਰੰਤ ਬਾਅਦ, ਰੇਂਜਰਜ਼ ਅਤੇ ਫ਼ਰੰਟੀਅਰ ਕੋਰ ਨੇ ਜੇਲ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈ ਲਿਆ। ਆਈ ਜੀ ਜੇਲ, ਡੀ ਆਈ ਜੀ ਜੇਲ ਅਤੇ ਜੇਲ ਮੰਤਰੀ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਵਿਚ ਇਕ ਕੈਦੀ ਦੀ ਮੌਤ ਹੋਣ ਬਾਰੇ ਪਤਾ ਲੱਗਾ ਹੈ। ਇਸ ਦੇ ਨਾਲ ਹੀ 4 ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਨੇ ਮੰਨਿਆ ਕਿ ਇਸ ਘਟਨਾ ਦਾ ਕਾਰਨ ਪ੍ਰਸ਼ਾਸਨਿਕ ਲਾਪਰਵਾਹੀ ਹੋ ਸਕਦਾ ਹੈ।