ਧਰਮ ਨੂੰ ਮੋਹਰਾ ਬਣਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ : ਭਿੰਦਾ, ਢਿੱਲੋਂ


ਕਿਹਾ, ਅਕਾਲੀ ਦਲ ਸਮੇਤ ਸਮੁੱਚਾ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਨਾਲ ਖੜਾ ਹੈ
ਲੁਧਿਆਣਾ, 12 ਜਨਵਰੀ (ਨਿਊਜ਼ ਟਾਊਨ ਨੈਟਵਰਕ) : ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਹੇਠ ਰੱਖੀ ਗਈ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਸਮੇਂ ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਢਿੱਲੋ, ਜਗਦੀਸ਼ ਸਿੰਘ ਗਰਚਾ, ਹਰੀਸ਼ ਰਾਏ ਢਾਂਡਾ, ਪਰਉਪਕਾਰ ਸਿੰਘ ਘੁੰਮਣ, ਜਗਬੀਰ ਸਿੰਘ ਸੋਖੀ, ਹਰਜਿੰਦਰ ਸਿੰਘ ਬੋਬੀ ਗਰਚਾ ਆਦਿ ਨੇ ਕਿਹਾ ਕਿ ਆਪ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਵਰੂਪਾਂ ਦੇ ਬੇਬੁਨਿਆਦ ਮਸਲੇ ਸਬੰਧੀ ਪਰਚਾ ਦਰਜ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਦ ਕਿ ਉਹ ਸਵਰੂਪ ਗੁੰਮ ਹੋਣ ਦੀ ਬਜਾਏ ਸੰਗਤਾਂ ਅਤੇ ਗੁਰਦੁਆਰੇ ਦੇ ਵਿੱਚ ਸੁਸ਼ੋਭਿਤ ਹੋਏ ਹਨ। ਜਿਨਾਂ ਦਾ ਸਹੀ ਰਿਕਾਰਡ ਨਾ ਰੱਖ ਸਕਣ ਦੇ ਕਾਰਨ 16 ਗੁਰੂ ਘਰ ਦੇ 16 ਦੋਸ਼ੀਆਂ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਧਾਰਮਿਕ ਸਜਾ ਸੁਣਾਈ ਗਈ ਸੀ। ਜਿਸ ਮਸਲੇ ਨੂੰ ਹੁਣ ਸਰਕਾਰ ਵੱਲੋਂ ਬਿਨਾਂ ਵਜਹਾ ਤੂਲ ਦੇ ਕੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਤਾਂ ਕੀਤੀ ਹੀ ਜਾ ਰਹੀ ਹੈ। ਬਲਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪਾਂ ਨੂੰ ਮੋਹਰਾ ਬਣਾ ਕੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਗੁਰੂ ਦੀ ਗੋਲਕ ਦੇ ਉੱਪਰ ਵੀ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਹੈ ਜਦਕਿ ਸਮੁੱਚੀ ਸੰਗਤ ਜਾਣਦੀ ਹੈ ਕਿ ਗੁਰੂ ਦੀ ਗੋਲਕ ਦੇ ਨਾਲ ਜਿੱਥੇ ਸਕੂਲ, ਕਾਲਜ, ਹਸਪਤਾਲ, ਲੰਗਰ ਆਦਿ ਚੱਲਣ ਸਮੇਤ ਪੰਜਾਬ ਭਰ ਦੇ ਵਿੱਚ ਆਉਣ ਵਾਲੀਆਂ ਕੁਦਰਤੀ ਆਫਤਾਂ ਦੇ ਸਮੇਂ ਵੀ ਅੱਗੇ ਹੋ ਕੇ ਮਦਦ ਕੀਤੀ ਜਾਂਦੀ ਹੈ। ਉਪਰੋਕਤ ਆਗੂਆਂ ਨੇ ਕਿਹਾ ਕਿ ਇਹ ਸਭ ਕੇਜਰੀਵਾਲ ਦੀ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਦਾ ਹੀ ਸਿੱਖ ਪੰਥ ਤੇ ਹਮਲਾ ਹੈ। ਕਿਉਂਕਿ ਉਹ ਅਕਾਲੀ ਦਲ ਦੀ ਚੜਤ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੁਖਬੀਰ ਬਾਦਲ ਦਾ ਨਾਂ ਗੁੰਮ ਹੋਏ ਸਵਰੂਪਾਂ ਅਤੇ ਗੋਲਕ ਦੇ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਉਨਾਂ ਦਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਉੱਪਰ ਬੇਅਦਬੀਆਂ ਦਾ ਦੋਸ਼ ਲਗਾਉਣ ਵਾਲੀ ਸਿੱਖ ਸੰਗਤ ਅਤੇ ਸੰਪਰਦਾਵਾਂ ਦੱਸਣ ਕਿ ਉਹ ਮੁੱਖ ਮੰਤਰੀ ਮਾਨ ਦੇ ਵੱਲੋਂ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਤੇ ਛਿੱਟੇ ਮਾਰਨ ਅਤੇ ਆਤਸ਼ੀ ਮਾਰਲੇਨਾ ਦੇ ਵੱਲੋਂ ਗੁਰੂ ਸਾਹਿਬ ਪ੍ਰਤੀ ਬੋਲੇ ਗਏ ਨਿੰਦਣਯੋਗ ਸ਼ਬਦਾਂ ਦੇ ਉੱਪਰ ਹੁਣ ਕਿਉਂ ਨਹੀਂ ਬੋਲ ਰਹੇ। ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਧਾਰਮਿਕ ਦਿਹਾੜੇ ਮਨਾਉਣ ਦਾ ਪਖੰਡ ਰੱਥ ਦੀਆਂ ਹਨ ਤੇ ਦੂਸਰੇ ਪਾਸੇ ਆਪ ਹੀ ਧਾਰਮਿਕ ਬੇਅਦਬੀਆਂ ਕਰ ਰਹੀਆਂ ਹਨ। ਉਨਾਂ ਕਿਹਾ ਕਿ ਆਤਸ਼ੀ ਦੀ ਵੀਡੀਓ ਨੂੰ ਮਾਨ ਸਰਕਾਰ ਨੇ ਆਪ ਹੀ ਐਡਿਟਡ ਵੀਡੀਓ ਦੱਸ ਕੇ ਆਤਸ਼ੀ ਨੂੰ ਬੇਕਸੂਰ ਦੱਸ ਦਿੱਤਾ ਜਦਕਿ ਕਾਨੂੰਨ ਅਨੁਸਾਰ ਉਸ ਵੀਡੀਓ ਦੀ ਐਫਐਸਐਲ ਜਾਂਚ ਹੋਣੀ ਚਾਹੀਦੀ ਸੀ। ਇਸ ਮੌਕੇ ਉਹਨਾਂ ਮੰਗ ਕੀਤੀ ਕਿ ਉਸ ਵੀਡੀਓ ਦੀ ਕੇਂਦਰ ਦੇ ਅਧੀਨ ਲੈਕੇ ਸੀਐਫਐਲ ਜਾਂਚ ਵੀ ਹੋਣੀ ਚਾਹੀਦੀ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ 2014 ਦੇ ਵਿੱਚ ਆਪ ਨੇ ਪੰਜਾਬ ਦੇ ਵਿੱਚ ਪੈਰ ਪਾਇਆ ਸੀ ਤੇ 2015 ਤੋਂ ਹੀ ਬੇਅਦਬੀਆਂ ਦੇ ਦੌਰ ਸ਼ੁਰੂ ਹੋਏ ਜਿਸ ਤੋਂ ਸਾਫ ਜਾਹਰ ਹੈ ਕਿ ਅਸਲ ਦੋਸ਼ੀ ਕੌਣ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਕੋਲ ਪੰਜਾਬ ਪ੍ਰਤੀ ਕੋਈ ਅਜੰਡਾ ਵੀ ਨਾ ਹੋਣ ਦੇ ਚੱਲਦਿਆਂ ਇਹ ਸਭ ਸਿਆਸਤ ਦੇ ਤਹਿਤ ਕੀਤਾ ਜਾ ਰਿਹਾ ਹੈ। ਜਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਤੇ ਪੰਜਾਬ ਹਿਤੈਸ਼ੀ ਲੋਕ ਇਸ ਸੱਚਾਈ ਨੂੰ ਜਾਣਦੇ ਹਨ ਤੇ ਉਹ ਸੁਖਬੀਰ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਹਰ ਤਰਾਂ ਦੀ ਲੜਾਈ ਲਈ ਵੀ ਤਿਆਰ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀਸ਼ ਪਾਲ ਸਿੰਘ ਧਾਲੀਵਾਲ, ਨਰੇਸ਼ ਧੀਂਗਾਨ, ਗੁਰਮੀਤ ਸਿੰਘ ਕੁਲਾਰ, ਹਰਚਰਨ ਸਿੰਘ ਗੋਹਲਵੜੀਆ, ਕੁਲਦੀਪ ਸਿੰਘ ਖਾਲਸਾ, ਹਿਤੇਸ਼ ਇੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਡੰਗ, ਅਸ਼ੋਕ ਮੱਕੜ, ਕੌਂਸਲਰ ਕਮਲ ਅਰੋੜਾ, ਜਸਦੀਪ ਸਿੰਘ ਕਾਉਂਕੇ, ਰਸ਼ਪਾਲ ਸਿੰਘ ਫੌਜੀ, ਬਲਵਿੰਦਰ ਸਿੰਘ ਐਮਡੀ, ਰਵਿੰਦਰ ਸਿੰਘ ਖਾਲਸਾ, ਕੁਲਵਿੰਦਰ ਕਿੰਦਾ, ਮੈਂਕਟ, ਬਲਜੀਤ ਸਿੰਘ ਦੁਖੀਆ, ਗੁਰਦੀਪ ਸਿੰਘ ਲੀਲ, ਮਨਮੋਹਨ ਸਿੰਘ, ਸਤਨਾਮ ਕੈਲੇ, ਨੇਕ ਸਿੰਘ ਸੇਖੇਵਾਲ, ਜਤਿੰਦਰ ਖਾਲਸਾ, ਗੁਰਚਰਨ ਮਿੰਟਾਂ ਆਦਿ ਵੱਡੀ ਗਿਣਤੀ ਵਿੱਚ ਹੋਰ ਸਾਥੀ ਸਾਹਿਬਾਨ ਹਾਜ਼ਰ ਸਨ।
