ਪਿਛਲੀਆਂ ਸਰਕਾਰਾਂ ਨੇ ਆਪਣੇ ਚਹੇਤਿਆਂ ਨੂੰ ਵੰਡੀਆਂ ਨੌਕਰੀਆਂ: ਮੁੱਖ ਮੰਤਰੀ

0
cm mann

ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 4 ਜਨਵਰੀ (ਦੁਰਗੇਸ਼ ਗਾਜਰੀ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਦੇ 606 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਇਨ੍ਹਾਂ ਉਮੀਦਵਾਰਾਂ ਵਿੱਚ 385 ਸਪੈਸ਼ਲ ਐਜੂਕੇਟਰ ਟੀਚਰ, 157 ਪ੍ਰਾਇਮਰੀ ਟੀਚਰ, 8 ਪ੍ਰਿੰਸੀਪਲ ਅਤੇ ਤਰਸ ਦੇ ਆਧਾਰ ’ਤੇ ਭਰਤੀ ਹੋਏ 56 ਮੁਲਾਜ਼ਮ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਚਾਰ ਸਾਲਾਂ ਵਿੱਚ ਹੁਣ ਤਕ ਪੰਜਾਬ ਦੇ 61,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜੋ ਕਿ ਆਪਣੇ ਆਪ ਵਿਚ ਇਕ ਰਿਕਾਰਡ ਬਣ ਚੁੱਕਾ ਹੈ। ਨਵ-ਨਿਯੁਕਤ ਉਮੀਦਵਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਨੌਕਰੀਆਂ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਢੰਗ ਨਾਲ ਦਿੱਤੀਆਂ ਗਈਆਂ ਹਨ ਅਤੇ ਕਦੇ ਵੀ ਕਿਸੇ ਨਿਯੁਕਤੀ ਨੂੰ ਅਦਾਲਤੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਅਪ੍ਰੈਲ, 2022 ਤੋਂ ਸਰਕਾਰੀ ਨੌਕਰੀਆਂ ਦੇਣ ਲਈ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਤੱਕ 61281 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਉਹ ਸਮਾਂ ਯਾਦ ਹੈ ਕਿ ਜਦੋਂ ਨੌਜਵਾਨ ਨਿਯੁਕਤੀ ਪੱਤਰ ਦੀ ਆਸ ਵਿੱਚ ਸਾਲਾਂਬੱਧੀ ਡਾਕੀਏ ਨੂੰ ਉਡੀਕਦੇ ਰਹਿੰਦੇ ਸਨ ਪਰ ਹੁਣ ਉਹ ਦੌਰ ਖਤਮ ਹੋ ਗਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਖੁਦ ਨਿਯੁਕਤੀ ਪੱਤਰ ਵੰਡ ਕੇ ਸਤਿਕਾਰ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਕਾਬਲੀਅਤ ਤੇ ਯੋਗਤਾ ਦੀ ਕਦਰ ਨਹੀਂ ਕੀਤੀ ਸਗੋਂ ਇਨ੍ਹਾਂ ਸਰਕਾਰਾਂ ਨੇ ਆਪਣੇ ਪੁੱਤ-ਭਤੀਜਿਆਂ ਅਤੇ ਚਹੇਤਿਆਂ ਨੂੰ ਰਿਉੜੀਆਂ ਵਾਂਗ ਨੌਕਰੀਆਂ ਵੰਡੀਆਂ। ਇਨ੍ਹਾਂ ਸਰਕਾਰਾਂ ਨੇ ਯੋਗਤਾ ਹੋਣ ਦੇ ਬਾਵਜੂਦ ਨੌਕਰੀ ਦੀ ਉਡੀਕ ਵਿੱਚ ਭਟਕਦੇ ਨੌਜਵਾਨਾਂ ਦਾ ਦੁੱਖ-ਦਰਦ ਨਹੀਂ ਸਮਝਿਆ। ਅਸੀਂ ਚਾਰ ਸਾਲਾਂ ਵਿੱਚ ਪੰਜਾਬ ਦੇ ਹਰੇਕ ਪਿੰਡ, ਸ਼ਹਿਰ ਤੇ ਕਸਬੇ ਦੇ ਨੌਜਵਾਨ ਨੂੰ ਕਾਬਲੀਅਤ ਅਤੇ ਯੋਗਤਾ ਦੇ ਆਧਾਰ ’ਤੇ ਨੌਕਰੀ ਦਿੱਤੀ ਤਾਂ ਕਿ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਰਵਾਇਤੀ ਪਾਰਟੀਆਂ ਦੇ ਸਿਆਸਤਦਾਨ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਚਹੇਤਿਆਂ ਨੂੰ ਹੀ ਪੰਜਾਬ ਸਮਝਦੇ ਸਨ ਪਰ ਮੇਰੇ ਲਈ ਸਾਰਾ ਪੰਜਾਬ ਹੀ ਮੇਰਾ ਪਰਿਵਾਰ ਹੈ।”

Leave a Reply

Your email address will not be published. Required fields are marked *