‘ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ’ : ਅਮਿਤ ਸ਼ਾਹ


ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਭਾਵੁਕ ਹੋਏ ਗ੍ਰਹਿ ਮੰਤਰੀ
ਪੰਚਕੂਲਾ, 26 ਦਸੰਬਰ (ਅਰਜੁਨ ਸਿੰਘ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਪੰਚਕੂਲਾ ‘ਚ ‘ਵੀਰ ਬਾਲ ਦਿਵਸ’ ਸਮਾਗਮ ਦੌਰਾਨ ਭਾਵੁਕ ਹੁੰਦਿਆਂ ਕਿਹਾ, “ਅੱਜ ਅਸੀਂ ਸਾਰੇ ‘ਦਸਮ ਪਿਤਾ’ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾ ਨਾਲ ਯਾਦ ਕਰਦੇ ਹਾਂ। ਉਨ੍ਹਾਂ ਦੇ ਸ਼ਬਦ ਅੱਜ ਸੱਚ ਸਾਬਤ ਹੋ ਰਹੇ ਹਨ ਕਿ ਚਾਰ ਪੁੱਤਰ ਚਲੇ ਗਏ ਤਾਂ ਕੀ ਹੈ, ਪਰ ਹਜ਼ਾਰਾਂ ਅਤੇ ਲੱਖਾਂ ਪੁੱਤਰ ਧਰਮ ਦੀ ਰੱਖਿਆ ਲਈ ਖੜ੍ਹੇ ਹਨ। ਉਹ ਮਾਤ ਭੂਮੀ ਲਈ ਲੜਨ ਲਈ ਤਿਆਰ ਹਨ।” ਉਨ੍ਹਾਂ ਕਿਹਾ, “ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ” ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਦੇਸ਼ ਭਰ ਦੇ ਨੌਜਵਾਨਾਂ ਨੂੰ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਹਨ ਕਿਉਂਕਿ ਐਨੀ ਨਿੱਕੀ ਉਮਰੇ ਜ਼ਾਲਮ ਨੂੰ ਸ਼ੇਰ ਦੀ ਤਰ੍ਹਾਂ ਦਹਾੜ ਮਾਰਨਾ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੀ ਕਰ ਸਕਦੇ ਹਨ।’ ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਡਰਾਇਆ-ਧਮਕਾਇਆ ਗਿਆ, ਲਾਲਚ ਦਿੱਤੇ ਗਏ ਪਰ ਸ਼ੇਰ ਦੀ ਤਰ੍ਹਾਂ ਦਹਾੜਦੇ ਹੋਏ ਕਿਸੇ ਲਾਲਚ ‘ਚ ਆਏ ਬਿਨਾਂ ਮੌਤ ਨੂੰ ਸਵੀਕਾਰ ਕੀਤਾ, ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ, ਜੋ ਆਪਣੇ ਧਰਮ ਲਈ ਬਲੀਦਾਨ ਲਈ ਕਦੇ ਪਿੱਛੇ ਨਹੀਂ ਹਟਦਾ ਹੈ। ਉਨ੍ਹਾਂ ਕਿਹਾ ਕਿ, ”ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚੋਂ ਇਹ ਸ਼ਬਦ ਨਿਕਲੇ ਸਨ। ਜਦੋਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਪੁੱਤਰਾਂ ਦਾ ਕੀ ਹੋਇਆ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਤਾਂ ਕੀ ਹੋਇਆ ਜੇ ਚਾਰ ਚਲੇ ਗਏ, ਹਜ਼ਾਰਾਂ ਅਜੇ ਵੀ ਜ਼ਿੰਦਾ ਹਨ।” ਸਿਰਫ਼ ਦਸਮ ਪਿਤਾ ਹੀ ਅਜਿਹੇ ਮਹਾਨ ਸ਼ਬਦ ਕਹਿ ਸਕਦੇ ਸਨ। ਆਪਣੀ ਸਾਰੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਆਖਰੀ ਸਾਹ ਤੱਕ ਲੜਦੇ ਰਹੇ।”
