ਡਾਕਟਰਾਂ ਵਲੋਂ ਤਨਖ਼ਾਹ ਵਿਚ ਦੇਰੀ ਵਿਰੁਧ 15 ਦਸੰਬਰ ਤੋਂ ਸੇਵਾਂਵਾ ਬੰਦ ਕਰਨ ਦੀ ਚਿਤਾਵਨੀ


ਬਰਨਾਲਾ,11 ਦਸੰਬਰ (ਰਾਈਆ) : ਸਿਹਤ ਵਿਭਾਗ ਵਿਚ ਸੇਵਾਵਾਂ ਦੇ ਰਹੇ ਸਰਕਾਰੀ ਡਾਕਟਰਾਂ ਵਲੋਂ ਤਨਖ਼ਾਹ ਮਿਲਣ ਵਿਚ ਹੋ ਰਹੀ ਬੇਲੋੜੀ ਦੇਰੀ ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਅਗਲੇ ਸੋਮਵਾਰ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਪੀ.ਸੀ.ਐਮ.ਐਸ. ਐਸੋਸੀਏਸ਼ਨ ਬਰਨਾਲਾ ਦੇ ਸਮੂਹ ਡਾਕਟਰ ਸਾਹਿਬਾਨ ਨੇ ਸਿਵਲ ਹਸਪਤਾਲ ਬਰਨਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੂੰ ਮੰਗ-ਪੱਤਰ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਜਾਣਬੁੱਝ ਕੇ ਉਨ੍ਹਾਂ ਨੂੰ ਤਨਖ਼ਾਹ ਜਾਰੀ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ। ਡਾ. ਕੰਵਲਜੀਤ ਬਾਜਵਾ ਜ਼ਿਲ੍ਹਾ ਪ੍ਰਧਾਨ ਅਤੇ ਡਾ. ਦੀਪਲੇਖ ਨੇ ਜਾਣਕਾਰੀ ਦਿਤੀ ਕਿ ਇਸ ਮਸਲੇ ਸਬੰਧੀ ਡਿਪਟੀ ਕਮਿਸ਼ਨਰ ਨਾਲ ਦੋ ਵਾਰ ਮੁਲਾਕਤ ਕਰਕੇ ਸਾਰੀ ਗੱਲਬਾਤ ਦੱਸੀ ਜਾ ਚੁੱਕੀ ਹੈ ਪਰ ਅਜੇ ਤਕ ਇਸ ਦਾ ਕੋਈ ਸਥਾਈ ਹੱਲ ਨਹੀ ਹੋ ਸਕਿਆ ਹੈ। ਡਾ. ਗਗਨਦੀਪ ਸਿੰਘ ਸੇਖੋਂ ਪ੍ਰੈਸ ਸਕੱਤਰ ਪੀ.ਸੀ.ਐਮ.ਐਸ. ਐਸੋਸੀਏਸ਼ਨ ਨੇ ਦੱਸਿਆ ਕਿ ਉਹ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਆਪਣੀ ਓ.ਪੀ.ਡੀ. ਸਿਹਤ ਸੇਵਾਵਾਂ ਲੋਕਾਂ ਨੂੰ ਦੇ ਰਹੇ ਹਨ ਪਰ ਸਾਰੇ ਮੈਡੀਕਲ ਅਫ਼ਸਰਾਂ ਨੂੰ ਤਨਖ਼ਾਹਾਂ ਮਿਲਣ ਵਿਚ ਹੁੰਦੀ ਬੇਲੋੜੀ ਦੇਰੀ ਅਤੇ ਧੱਕੇਸ਼ਾਹੀ ਦੇ ਰੋਸ ਵਜੋਂ ਜ਼ਿਲ੍ਹਾ ਐਸੋਸੀਏਸ਼ਨ ਬਰਨਾਲਾ ਵਲੋਂ ਮਿਤੀ 15 ਦਸੰਬਰ ਦਿਨ ਸੋਮਵਾਰ ਤੋਂ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਰਾਜ ਕੁਮਾਰ, ਡਾ. ਰਿਸ਼ੂ, ਡਾ. ਲਵਲੀਨ ਅਤੇ ਡਾ. ਅੰਕੁਸ਼ ਜਿੰਦਲ ਆਦਿ ਹਾਜ਼ਰ ਸਨ।
