ਅਕਾਲੀ ਉਮੀਦਵਾਰ ਬੀਬੀ ਨਫ਼ੀਸ ਬਾਨੋਂ ਦੀ ਹਥਣ ਜ਼ੋਨ ਤੋਂ ਜਿੱਤ ਯਕੀਨੀ ਬਣੀ


ਮਦੇਵੀ ਪਿੰਡ ਵਿਚ ਹੋਇਆ ਤੱਕੜੀ ਨੂੰ ਵੋਟ ਪਾਉਣ ਦਾ ਫ਼ੈਸਲਾ
ਮਲੇਰਕੋਟਲਾ, 9 ਦਸੰਬਰ (ਮੁਨਸ਼ੀ ਫ਼ਾਰੂਕ) : ਇਥੋਂ ਥੋੜੀ ਦੂਰ ਸਥਿਤ ਪਿੰਡ ਮਦੇਵੀ ਵਿਖੇ ਚੋਣ ਪ੍ਰਚਾਰ ਲਈ ਪੁੱਜੀ ਹਥਣ ਜ਼ੋਨ ਦੀ ਉਮੀਦਵਾਰ ਬੀਬੀ ਨਫ਼ੀਸ ਬਾਨੋਂ ਦੀ ਟੀਮ ਉਦੋਂ ਉਤਸ਼ਾਹ ਨਾਲ ਭਰ ਗਈ ਜਦ ਪਿੰਡ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਉਤੇ ਮੋਹਰਾਂ ਲਾਉਣ ਦਾ ਐਲਾਨ ਕਰ ਦਿਤਾ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਬੀਬੀ ਨਫ਼ੀਸ ਬਾਨੋਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਹਨ। ਉਨ੍ਹਾਂ ਨੇ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਹੈ। ਇਸ ਵੇਲੇ ਪੰਜਾਬ ਵਿਚ ਅਜਿਹੇ ਇਮਾਨਦਾਰ ਤੇ ਮਿਹਨਤੀ ਉਮੀਦਵਾਰਾਂ ਦਾ ਜਿੱਤਣਾ ਬਹੁਤ ਜ਼ਰੂਰੀ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਔਰਤਾਂ ਨਾਲ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਝੂਠਾ ਵਾਅਦਾ ਕਰਕੇ ਵੋਟਾਂ ਲਈਆਂ ਸਨ ਪਰ ਹੁਣ ਬੀਬੀਆਂ ਇਸ ਝੂਠ ਦਾ ਬਦਲਾ ਲੈਣ ਦਾ ਮਨ ਬਣਾ ਚੁੱਕੀਆਂ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਡੋਰ-ਟੂ-ਡੋਰ ਵੀ ਪ੍ਰਚਾਰ ਕੀਤਾ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਝੂਠ ਤੋਂ ਤੰਗ ਆ ਚੁੱਕੇ ਹਨ। ਇਨ੍ਹਾਂ ਗ਼ਰੀਬ-ਵਿਰੋਧੀ ਸਰਕਾਰਾਂ ਨੇ ਗ਼ਰੀਬਾਂ ਦਾ ਆਟਾ-ਦਾਲ ਬੰਦ ਕਰ ਦਿਤਾ ਅਤੇ ਅਕਾਲੀ ਸਰਕਾਰਾਂ ਦੌਰਾਨ ਗ਼ਰੀਬ ਬੱਚਿਆਂ ਨੂੰ ਦਿਤੇ ਜਾਂਦੇ ਵਜ਼ੀਫ਼ੇ ਵੀ ਬੰਦ ਕਰ ਦਿਤੇ ਹਨ। ਬੀਬੀ ਨਫ਼ੀਸ ਬਾਨੋਂ ਦੀ ਚੋਣ ਕਮਾਨ ਨੂੰ ਸੰਭਾਲ ਰਹੇ ਐਡਵੋਕੇਟ ਪਰਵੇਜ਼ ਅਖ਼ਤਰ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਹ ਲੋਕ-ਸੇਵਾ ਦੀ ਨੀਅਤ ਨਾਲ ਚੋਣ ਮੈਦਾਨ ਵਿਚ ਆਏ ਹਨ। ਝਾੜੂ ਸਰਕਾਰ ਨੇ ਪਿੰਡਾਂ ਦਾ ਬੁਰਾ ਹਾਲ ਕਰ ਛੱਡਿਆ ਹੈ। 2022 ਤੋਂ ਬਾਅਦ ਪਿੰਡਾਂ ਨੂੰ ਕੋਈ ਗ੍ਰਾਂਟ ਨਹੀਂ ਦਿਤੀ ਗਈ ਜਿਸ ਕਾਰਨ ਪਿੰਡਾਂ ਦਾ ਵਿਕਾਸ ਰੁਕ ਗਿਆ ਹੈ। ਪਿੰਡ ਵਾਸੀਆਂ ਨੇ ਬੀਬਾ ਜ਼ਾਹਿਦਾ ਸੁਲੇਮਾਨ, ਐਡਵੋਕੇਟ ਪਰਵੇਜ਼ ਅਖ਼ਤਰ, ਜਥੇਦਾਰ ਗੁਰਮੇਲ ਸਿੰਘ ਸਿੰਘ ਨੌਧਰਾਣੀ ਦਾ ਸਨਮਾਨ ਕੀਤਾ ਅਤੇ ਭਰੋਸਾ ਦਿਤਾ ਕਿ ਮਦੇਵੀ ਵਿਚੋਂ ਅਕਾਲੀ ਉਮੀਦਵਾਰਾਂ ਦੀ ਜਿੱਤ ਹੋਵੇਗੀ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਮਦੇਵੀ ਦੇ ਬੇਟੇ ਜਥੇਦਾਰ ਹਰਪ੍ਰੀਤ ਸਿੰਘ ਮਦੇਵੀ, ਜਥੇਦਾਰ ਪਰਮਜੀਤ ਸਿੰਘ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਬੀਬੀ ਅਕਬਰੀ ਬੇਗਮ ਸਮੇਤ ਅਨੇਕਾਂ ਮੋਹਤਬਰ ਵਿਅਕਤੀ ਹਾਜ਼ਰ ਸਨ।
