ਨਸੀਬ ਕੌਰ ਦੇ ਚਮਕੇ ਨਸੀਬ, ਸਾਦਿਕ ਦੇ ਪਰਿਵਾਰ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ


ਕੋਟਕਪੂਰਾ/ਸਾਦਿਕ, 8 ਦਸੰਬਰ (ਵਿਪਨ ਮਿੱਤਲ) :
ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ ਸੀ, ਪਰ ਹਾਲੇ ਤੱਕ ਜੇਤੂ ਦਾ ਪਤਾ ਨਹੀਂ ਲੱਗ ਰਿਹਾ ਸੀ। ਹੁਣ ਉਹ ਪਰਿਵਾਰ ਸਾਹਮਣੇ ਆਇਆ ਹੈ ਜਿਸ ਦਾ ਇਨਾਮ ਨਿਕਲਿਆ ਹੈ। ਸਾਦਿਕ ਨੇੜੇ ਪਿੰਡ ਸੈਦੇ ਕੇ ਦੇ ਮਜ਼ਦੂਰ ਪਰਿਵਾਰ ਰਾਮ ਸਿੰਘ ਨੇ ਸਾਦਿਕ ਦੇ ਰਾਜੂ ਲਾਟਰੀ ਸਟਾਲ ਤੋਂ ਆਪਣੀ ਪਤਨੀ ਨਸੀਬ ਕੌਰ ਦੇ ਨਾਮ ‘ਤੇ ਲਾਟਰੀ ਦੀ ਟਿਕਟ ਖਰੀਦ ਕੀਤੀ ਸੀ। ਨਸੀਬ ਕੌਰ ਨੇ ਸਾਰੇ ਪਰਿਵਾਰ ਦੇ ਨਸੀਬ ਉਸ ਸਮੇਂ ਖੋਲ੍ਹ ਦਿੱਤੇ ਜਦ ਉਨਾਂ ਨੂੰ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ। ਲਾਟਰੀ ਖਰੀਦਦਾਰ ਦਾ ਪਤਾ ਇਸ ਕਰਕੇ ਨਹੀਂ ਲੱਗ ਰਿਹਾ ਸੀ ਕਿ ਪਰਿਵਾਰ ਪਤਾ ਲਗਦੇ ਹੀ ਚੰਡੀਗੜ੍ਹ ਮੁੱਖ ਦਫਤਰ ਵਿੱਖੇ ਜਾ ਪੁੱਜਾ। ਲਾਟਰੀ ਦੇ ਜੇਤੂ ਦਾ ਪਤਾ ਲੱਗਦੇ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।
