500 ਕਰੋੜ ਵਾਲੀ ‘ਕੁਰਸੀ’ ਵਾਲੇ ਬਿਆਨ ’ਤੇ ਭਖੀ ਸਿਆਸਤ


ਹੁਣ ਡਾ. ਨਵਜੋਤ ਕੌਰ ਸਿੱਧੂ ਨੇ ਲਿਆ ਯੂ-ਟਰਨ, ਦਿਤੀ ਸਫ਼ਾਈ
ਚੰਡੀਗੜ੍ਹ, 8 ਦਸੰਬਰ (ਦੁਰਗੇਸ਼ ਗਾਜਰੀ) : ਮੁੱਖ ਮੰਤਰੀ ਅਹੁਦੇ ਲਈ 500 ਕਰੋੜ ਰੁਪਏ ਦੇ ਬਿਆਨ ‘ਤੇ ਇਸ ਸਮੇਂ ਸਿਆਸਤ ਗਰਮਾ ਗਈ ਹੈ। ਉੱਥੇ ਹੀ ਹੁਣ ਸਾਬਕਾ ਕ੍ਰਿਕਟਰ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅਪਣੇ ਦਿਤੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਸਾਡੇ ਸਧਾਰਨ ਬਿਆਨ ਨੂੰ ਕਿਵੇਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਸਿਰਫ਼ ਇਹ ਕਿਹਾ ਕਿ ਸਾਡੀ ਕਾਂਗਰਸ ਪਾਰਟੀ ਨੇ ਕਦੇ ਵੀ ਸਾਡੇ ਤੋਂ ਕੁਝ ਨਹੀਂ ਮੰਗਿਆ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਨਵਜੋਤ ਕੌਰ ਚੰਡੀਗੜ੍ਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਨਵਜੋਤ ਕੌਰ ਨੇ ਬਾਹਰ ਆ ਕੇ ਮੀਡੀਆ ਨੂੰ ਕਿਹਾ ਸੀ ਕਿ ਜਦੋਂ ਕਾਂਗਰਸ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏਗੀ ਤਾਂ ਹੀ ਉਹ ਸਿਆਸਤ ਵਿਚ ਸਰਗਰਮ ਹੋਣਗੇ, ਹਾਲਾਂਕਿ ਕਿ ਸਿੱਧੂ ਕਾਂਗਰਸ ਨਾਲ ਜੁੜੇ ਹੋਏ ਹਨ, ਉਹ ਪ੍ਰਿਯੰਕਾ ਨਾਲ ਜੁੜੇ ਹੋਏ ਹਨ। ਫਿਰ ਵੀ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਨੂੰ ਤਰੱਕੀ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਪੰਜ ਮੁੱਖ ਮੰਤਰੀ ਪਹਿਲਾਂ ਹੀ ਬਣ ਚੁੱਕੇ ਹਨ ਤੇ ਉਹ ਕਾਂਗਰਸ ਨੂੰ ਹਰਾਉਣ ਵਿੱਚ ਰੁੱਝੇ ਹੋਏ ਹਨ। ਜੇਕਰ ਉੱਚ ਅਧਿਕਾਰੀ ਸਮਝਦੇ ਹਨ ਤਾਂ ਇਹ ਵੱਖਰੀ ਗੱਲ ਹੈ। ਨਵਜੌਤ ਕੌਰ ਸਿੱਧੂ ਨੂੰ ਪੁੱਛਿਆ ਗਿਆ ਕਿ ਤੁਸੀਂ ਪੈਸੇ ਦੇਣ ਦੀ ਗੱਲ ਕੀਤੀ ਹੈ, ਕੀ ਕਿਸੇ ਪਾਰਟੀ ਨੇ ਤੁਹਾਡੇ ਤੋਂ ਪੈਸੇ ਮੰਗੇ ਹਨ? ਇਸ ‘ਤੇ ਉਨ੍ਹਾਂ ਕਿਹਾ- ਨਹੀਂ, ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ। ਪਰ ਸਿਰਫ਼ ਉਹੀ ਮੁੱਖ ਮੰਤਰੀ ਬਣਦਾ ਹੈ ਜੋ 500 ਕਰੋੜ ਰੁਪਏ ਦਾ ਬ੍ਰੀਫ਼ਕੇਸ ਦਿੰਦਾ ਹੈ।
