ਅਕਾਲੀ ਦਲ ਨੇ ਵਰਦੇਵ ਮਾਨ ਤੇ ਸਬੰਧਤ ਰਿਸ਼ਤੇਦਾਰਾਂ ਖਿਲਾਫ ਝੂਠੇ ਕੇਸ ਦੀ ਕੀਤੀ ਨਿਖੇਧੀ

0
WhatsApp Image 2025-12-01 at 5.03.59 PM

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਤੋਂ ਰੋਕਣ ਲਈ ਝੂਠਾ ਕੇਸ ਦਰਜ ਕੀਤਾ ਗਿਆ: ਅਰਸ਼ਦੀਪ ਸਿੰਘ ਕਲੇਰ

ਚੰਡੀਗੜ੍ਹ, 1 ਦਸੰਬਰ (ਦੁਰਗੇਸ਼ ਗਾਜਰੀ) :

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਦਲ ਦੇ ਸੀਨੀਅਰ ਆਗੂ ਵਰਦੇਵ ਸਿੰਘ ਮਾਨ ਦੇ ਪਰਿਵਾਰ ਅਤੇ ਸਮਰਥਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜਨ ਤੋਂ ਰੋਕਣ ਲਈ ਉਹਨਾਂ ਖਿਲਾਫ ਝੂਠਾ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ। ਪਾਰਟੀ ਦੇ ਲੀਵਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪੰਜਾਬ ਪੁਲਿਸ ਹੁਣ ਦਾਅਵਾ ਕਰ ਰਹੀ ਹੈ ਕਿ ਹਾਈ ਕੋਰਟ ਵਿਚ ਝੂਠਾ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕੀਤੀ ਗਈ ਜਿਸ ਰਾਹੀਂ ਵਰਦੇਵ ਮਾਨ ਦੇ ਨਿੱਜੀ ਸਹਾਇਤ ਮਨੀਸ਼ ਨੂੰ ਛੇ ਮਹੀਨੇ ਪਹਿਲਾਂ ਜਲਾਲਾਬਾਦ ਦੇ ਪੁਲਿਸ ਥਾਣੇ ਤੋਂ ਬਰਾਮਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਾਰੰਟ ਅਫਸਰ ਨੇ ਮਨੀਸ਼ ਨੂੰ ਗੈਰ ਕਾਨੂੰਨੀ ਹਿਰਾਸਤ ਵਿਚੋਂ ਬਰਾਮਦ ਕੀਤਾ ਸੀ ਪਰ ਪੰਜਾਬ ਪੁਲਿਸ ਹੁਣ ਦਾਅਵਾ ਕਰ ਰਹੀ ਹੈ ਕਿ ਮਨੀਸ਼ ਨੂੰ ਵਾਰੰਟ ਅਫਸਰ ਦੀ ਗੱਡੀ ਵਿਚ ਪੁਲਿਸ ਥਾਣੇ ਲਿਆਂਦਾ ਗਿਆ ਸੀ। ਐਡਵੋਕੇਟ ਕਲੇਰ ਨੇ ਕਿਹਾ ਕਿ ਵਰਦੇਵ ਮਾਨ ਦੇ ਪਰਿਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਤੋਂ ਰੋਕਣ ਵਾਸਤੇ ਬਿਲਕੁਲ ਹੀ ਝੂਠੀ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਝੂਠੇ ਕੇਸ ਵਿਚ ਜਿਹਨਾਂ ਨੂੰ ਨਾਮਜ਼ਦ ਕੀਤਾ ਗਿਆ ਉਹਨਾਂ ਵਿਚ ਵਰਦੇਵ ਮਾਨ, ਉਹਨਾਂ ਦੇ ਭਰਾ ਨਰਦੇਵ ਮਾਨ ਤੇ ਗੁਰਸੇਵਕ ਮਾਨ, ਰਿਸ਼ਤੇਦਾਰ ਹਰਮਨ, ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਹਰਭਿੰਦਰ ਅਤੇ ਪੀ ਏ ਮਨੀਸ਼ ਸ਼ਾਮਲ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਵਾਂ ਕੇਸ ਹਾਈ ਕੋਰਟ ਨੂੰ ਸੂਚਿਤ ਕੀਤੇ ਬਗੈਰ ਹੀ ਦਰਜ ਕਰ ਲਿਆ ਗਿਆ ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਪੁਲਿਸ ਨੂੰ ਅਦਾਲਤ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਹੈ।ਐਡਵੋਕੇਟ ਕਲੇਰ ਨੇ ਕਿਹਾ ਕਿ ਪਹਿਲਾ ਕੇਸ ਜੋ ਵਰਦੇਵ ਮਾਨ ਅਤੇ ਉਹਨਾਂ ਦੇ ਭਰਾ ਨਰਦੇਵ ਖਿਲਾਫ ਦਰਜ ਕੀਤਾ ਗਿਆ ਜਿਸ ਕਾਰਨ ਹਾਈ ਕੋਰਟ ਵਿਚ ਹੈਬੀਅਸ ਕੋਰਪਸ ਪਟੀਸ਼ਨ ਦਾਇਰ ਕਰਨੀ ਪਈ ਸੀ ਅਤੇ ਜਿਸ ਵਿਚ ਗਾਰੰਟ ਅਫਸਰ ਨੇ ਮਨੀਸ਼ ਨੂੰ ਬਰਾਮਦ ਕੀਤਾ ਸੀ, ਉਹ ਵੀ ਝੂਠਾ ਸੀ। ਉਹਨਾਂ ਕਿਹਾ ਕਿ ਮਾਨ ਭਰਾਵਾਂ ’ਤੇ ਬਲਾਕ ਵਿਕਾਸ ਅਫਸਰ ਜਲਾਲਾਬਾਦ ਦੇ ਕਮਰੇ ਵਿਚ ਜਾ ਕੇ ਗੋਲੀ ਚਲਾਉਣ ਦਾ ਦੋਸ਼ ਲਾਇਆ ਗਿਆ ਸੀ। ਉਹਨਾਂ ਕਿਹਾ ਕਿ ਸਰਕਾਰ ਇਸ ਘਟਨਾ ਦੀ ਕੋਈ ਸੀ ਸੀ ਟੀ ਵੀ ਫੁਟੇਜ ਪੇਸ਼ ਨਹੀਂ ਕਰ ਸਕੀ ਅਤੇ ਫੋਰੈਂਸਿਕ ਲੈਬਾਰਟਰੀ ਦੀ ਰਿਪੋਰਟ ਵਿਚ ਵੀ ਸਪਸ਼ਟ ਹੋ ਗਿਆ ਹੈ ਕਿ ਮਾਨ ਭਰਾਵਾਂ ਦੇ ਲਾਇਸੰਸੀ ਹਥਿਆਰ ਤੋਂ ਕੋਈ ਗੋਲੀ ਨਹੀਂ ਚੱਲੀ। ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਝੂਠੇ ਕੇਸ ਆਪ ਦੇ ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਦੇ ਹੁਕਮਾਂ ’ਤੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਨੇ ਪੁਲਿਸ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਆਗੂਆਂ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਗੁਰੇਜ਼ ਕਰਨ। ਉਹਨਾਂ ਕਿਹਾ ਕਿ ਕੰਚਨਪ੍ਰੀਤ ਕੌਰ ਦੇ ਕੇਸ ਵਾਂਗੂ ਅਕਾਲੀ ਦਲ ਮਾਨ ਭਰਾਵਾਂ ਅਤੇ ਉਹਨਾਂ ਦੇ ਰਿਸ਼ਤੇਦਾਰ ਤੇ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਦੇ ਕੇਸਾਂ ਲਈ ਵੀ ਹਾਈ ਕੋਰਟ ਵਿਚ ਪਹੁੰਚ ਕਰੇਗਾ। ਉਹਨਾਂ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਕੇਸ ਵਿਚ ਵੀ ਸਾਨੂੰ ਇਨਸਾਫ ਮਿਲੇਗਾ।

Leave a Reply

Your email address will not be published. Required fields are marked *