ਨਾਂਦੇੜ ‘ਚ ਲੜਕੀ ਨੇ ਪ੍ਰੇਮੀ ਦੀ ਲਾਸ਼ ਨਾਲ ਕੀਤਾ ਵਿਆਹ

0
Screenshot 2025-12-01 030551

ਪਿਤਾ ਤੇ ਭਰਾਵਾਂ ਨੇ ਕਰ ਦਿਤਾ ਸੀ ਲੜਕੀ ਦੇ ਪ੍ਰੇਮੀ ਦਾ ਕਤਲ

ਨਾਂਦੇੜ, 1 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ’ਚ ਇਕ 21 ਸਾਲ ਔਰਤ ਨੇ ਵਿਖਾਇਆ ਕਿ ਉਹ ਅਪਣੇ ਪ੍ਰੇਮੀ ਨਾਲ ਕਿੰਨਾ ਪਿਆਰ ਕਰਦੀ ਹੈ। ਉਸ ਦੇ ਪ੍ਰੇਮੀ ਨੂੰ ਔਰਤ ਦੇ ਪਿਤਾ ਅਤੇ ਦੋ ਭਰਾਵਾਂ ਨੇ ਕਥਿਤ ਤੌਰ ਉਤੇ ਕਤਲ ਕਰ ਦਿਤਾ ਸੀ, ਜਿਸ ਮਗਰੋਂ ਔਰਤ ਨੇ ਅਪਣੇ ਮ੍ਰਿਤਕ ਪ੍ਰੇਮੀ ਦੀ ਲਾਸ਼ ਨਾਲ ਹੀ ਵਿਆਹ ਕਰਵਾ ਲਿਆ। ਮ੍ਰਿਤਕ ਦੇ ਘਰ ਵਿਚ ਪਹੁੰਚ ਕੇ ਆਂਚਲ ਮਾਮਿਦਵਾਰ ਵਲੋਂ ਲਾਸ਼ ਨਾਲ ਵਿਆਹ ਕਰਵਾਉਣ ਅਤੇ ਕਤਲ ਦੇ ਦੋਸ਼ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਫਾਂਸੀ ਦੇਣ ਦੀ ਮੰਗ ਦੀ ਵੀਡੀਉ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋ ਰਹੀ ਹੈ। ਪੁਲਿਸ ਮੁਤਾਬਕ ਉਸ ਦਾ ਪ੍ਰੇਮੀ ਸਕਸ਼ਮ ਟੇਟ (20) ਵੀਰਵਾਰ ਸ਼ਾਮ ਨੂੰ ਪੁਰਾਣੇ ਗੰਜ ਇਲਾਕੇ ’ਚ ਅਪਣੇ ਦੋਸਤਾਂ ਨਾਲ ਖੜਾ ਸੀ, ਜਦੋਂ ਉਸ ਅਤੇ ਆਂਚਲ ਦੇ ਭਰਾ ਹਿਮੇਸ਼ ਮਾਮਿਦਵਾਰ ਵਿਚਾਲੇ ਝਗੜਾ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਹਿਮੇਸ਼ ਨੇ ਕਥਿਤ ਤੌਰ ਉਤੇ ਸਕਸ਼ਮ ਉਤੇ ਗੋਲੀ ਚਲਾਈ ਅਤੇ ਗੋਲੀ ਉਸ ਦੀਆਂ ਪਸਲੀਆਂ ਨੂੰ ਵਿੰਨ੍ਹ ਗਈ ਅਤੇ ਫਿਰ ਉਸ ਦੀ ਖੋਪੜੀ ਵਿਚ ਲੱਗੀ, ਜਿਸ ਨਾਲ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਹਿਮੇਸ਼, ਉਸ ਦਾ ਭਰਾ ਸਾਹਿਲ (25) ਅਤੇ ਉਨ੍ਹਾਂ ਦੇ ਪਿਤਾ ਗਜਾਨਨ ਮਾਮਿਦਵਾਰ (45) ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੁਕਰਵਾਰ ਸ਼ਾਮ ਨੂੰ ਆਂਚਲ ਸਕਸ਼ਮ ਦੇ ਘਰ ਪਹੁੰਚੇ ਜਦੋਂ ਉਸ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਚਸ਼ਮਦੀਦ ਗਵਾਹਾਂ ਨੇ ਦਸਿਆ ਕਿ ਪ੍ਰੇਸ਼ਾਨ ਆਂਚਲ ਨੇ ਫਿਰ ਉਸ ਦੇ ਸਰੀਰ ਨਾਲ ਇਹ ਦਾਅਵਾ ਕਰਦੇ ਹੋਏ ਵਿਆਹ ਕੀਤਾ ਕਿ ਇਹ ਉਨ੍ਹਾਂ ਦੇ ਪਿਆਰ ਨੂੰ ‘ਅਮਰ’ ਬਣਾ ਦੇਵੇਗਾ। ਬਾਅਦ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਸ ਨੇ ਕਿਹਾ, ‘‘ਮੈਂ ਪਿਛਲੇ ਤਿੰਨ ਸਾਲਾਂ ਤੋਂ ਸਕਸ਼ਮ ਨਾਲ ਪਿਆਰ ਵਿਚ ਸੀ ਪਰ ਮੇਰੇ ਪਿਤਾ ਨੇ ਜਾਤੀ ਦੇ ਮਤਭੇਦ ਨੂੰ ਲੈ ਕੇ ਸਾਡੇ ਰਿਸ਼ਤੇ ਦਾ ਵਿਰੋਧ ਕੀਤਾ। ਮੇਰੇ ਪਰਵਾਰ ਨੇ ਅਕਸਰ ਸਕਸ਼ਮ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਸੀ ਤੇ ਹੁਣ ਮੇਰੇ ਪਿਤਾ ਅਤੇ ਭਰਾਵਾਂ ਹਿਮੇਸ਼ ਅਤੇ ਸਾਹਿਲ ਨੇ ਉਸ ਦਾ ਕਤਲ ਕਰ ਦਿਤਾ। ਮੈਂ ਇਨਸਾਫ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੁਲਜ਼ਮਾਂ ਨੂੰ ਫਾਂਸੀ ਦਿਤੀ ਜਾਵੇ।’’ ਉਸ ਨੇ ਪੱਤਰਕਾਰਾਂ ਨੂੰ ਇਹ ਵੀ ਦਸਿਆ ਕਿ ਉਸ ਨੇ ਹੁਣ ਤੋਂ ਸਕਸ਼ਮ ਦੇ ਘਰ ਵਿਚ ਹੀ ਰਹਿਣ ਦੀ ਯੋਜਨਾ ਬਣਾਈ ਹੈ। ਪੁਲਿਸ ਨੇ ਦਸਿਆ ਕਿ ਸਕਸ਼ਮ ਅਤੇ ਮੁੱਖ ਮੁਲਜ਼ਮ ਹਿਮੇਸ਼ ਦੋਵੇਂ ‘ਹਿਸਟਰੀ ਸ਼ੀਟਰ’ ਹਨ ਤੇ ਕਿਸੇ ਸਮੇਂ ਕਰੀਬੀ ਦੋਸਤ ਸਨ।

Leave a Reply

Your email address will not be published. Required fields are marked *