ਨੇਪਾਲ ਨੇ 3 ਭਾਰਤੀ ਇਲਾਕਿਆਂ ਨੂੰ ਆਪਣਾ ਦੱਸਿਆ


100 ਰੁਪਏ ਦੇ ਨੋਟ ‘ਤੇ ਛਾਪਿਆ ਵਿਵਾਦਿਤ ਨਕਸ਼ਾ
ਭਾਰਤ ਨੇ ਕਿਹਾ, ਅਜਿਹੇ ਦਾਅਵਿਆਂ ਨਾਲ ਸੱਚਾਈ ਨਹੀਂ ਬਦਲਦੀ
ਨਵੀਂ ਦਿੱਲੀ, 28 ਨਵੰਬਰ (ਨਿਊਜ਼ ਟਾਊਨ ਨੈਟਵਰਕ) :
ਨੇਪਾਲ ਨੇ ਭਾਰਤ ਨਾਲ ਚੱਲ ਰਹੇ ਸਰਹੱਦੀ ਵਿਵਾਦ ਨੂੰ ਹੋਰ ਹਵਾ ਦਿੱਤੀ ਹੈ। ਦਰਅਸਲ ਨੇਪਾਲ ਤਿੰਨ ਭਾਰਤੀ ਇਲਾਕਿਆਂ ਨੂੰ ਆਪਣਾ ਦੱਸਿਆ ਹੈ ਅਤੇ ਨਾਲ ਹੀ 100 ਰੁਪਏ ਦੇ ਨੋਟ ‘ਤੇ ਵਿਵਾਦਿਤ ਨਕਸ਼ਾ ਛਾਪ ਇਹ ਦਾਅਵਾ ਕੀਤਾ ਹੈ। ਨੇਪਾਲ ਨੇ ਆਪਣੇ ਨਵੇਂ 100 ਰੁਪਏ ਦੇ ਨੋਟ ‘ਤੇ ਛਪੇ ਨਕਸ਼ੇ ‘ਤੇ ਲਿਪੁਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਆਪਣੇ ਦੇਸ਼ ਦਾ ਹਿੱਸਾ ਦੱਸਿਆ ਹੈ, ਹਾਲਾਂਕਿ ਇਹ ਤਿੰਨੇ ਖੇਤਰ ਭਾਰਤ ਦੀ ਸਰਹੱਦ ਅੰਦਰ ਆਉਂਦੇ ਹਨ।
ਭਾਰਤ ਨੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ, ਇਸਨੂੰ ਇੱਕਪਾਸੜ ਕਾਰਵਾਈ ਕਿਹਾ ਹੈ ਜੋ ਇਤਿਹਾਸਕ ਤੱਥਾਂ ਨੂੰ ਨਜ਼ਰਅੰਦਾਜ਼ ਕਰਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਸੱਚਾਈ ਨਹੀਂ ਬਦਲਦੀ। ਨੇਪਾਲ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਅਜਿਹੇ ਦਾਅਵੇ ਦੁਵੱਲੇ ਸਮਝੌਤਿਆਂ ਦੀ ਉਲੰਘਣਾ ਕਰਦੇ ਹਨ।
