ਪੰਜਵਾਂ ਫੈਪ ਐਵਾਰਡ 28 ਨਵੰਬਰ ਤੋਂ ਸ਼ੁਰੂ : ਭਗਵੰਤ ਸਿੰਘ


ਗੁਣਵੱਤਾ ਦੇ ਆਧਾਰ ਤੇ ਸਭ ਤੋਂ ਵੱਧ ਐਵਾਰਡ ਦੇਣ ਦਾ ਹੋਵੇਗਾ ਰਿਕਾਰਡ ਸਥਾਪਤ
ਬਰਨਾਲਾ/ਧਨੌਲਾ, 28 ਨਵੰਬਰ (ਰਾਈਆ)
ਆਪਣੇ ਸਮਾਜਕ ਕੰਮਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਜੋਂ ਜਾਣੀ ਜਾਂਦੀ ਸੰਸਥਾ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਸੀਜ਼ਨ—5 ਫੈਪ ਨੈਸ਼ਨਲ ਐਵਾਰਡ—2025 28 ਨਵੰਬਰ ਤੋਂ ਚੰਡੀਗੜ ਯੂਨੀਵਰਸਿਟੀ, ਘੜੂੰਆਂ ਵਿਖੇ ਹੋਣ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਜ਼ਿਲਾ ਪ੍ਰਤੀਨਿਧ ਭਗਵੰਤ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਇੱਕੋ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਪ੍ਰਾਪਤੀਆਂ ਦੇ ਆਧਾਰ ਤੇ ਸਕੂਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨ ਦਿੱਤਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਫੈਪ ਨੈਸ਼ਨਲ ਐਵਾਰਡ ਉੱਪਰ ਉਹ ਅਧਿਆਪਕ ਅਤੇ ਪ੍ਰਿੰਸੀਪਲ ਜਿਹਨਾਂ ਨੇ ਆਪਣਾ ਪੂਰਾ ਜੀਵਨ ਅਧਿਆਪਨ ਨੂੰ ਸਮਰਪਿਤ ਕੀਤਾ ਹੈ, ਨੂੰ ਲਾਇਫ ਟਾਇਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਅਕੈਡਮਿਕ ਅਤੇ ਸਪੋਰਟਸ ਵਿੱਚ ਮੋਹਰੀ ਪਹਿਲੇ 50 ਸਕੂਲਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਹਰ ਇੱਕ ਵਿਦਿਆਰਥੀ ਜਿਸ ਨੇ ਦਸਵੀਂ ਜਾਂ ਬਾਰਵੀਂ ਦੀ ਬੋਰਡ ਪ੍ਰੀਖਿਆ ਵਿੱਚੋਂ 97 ਪ੍ਰਤੀਸ਼ਤ ਜਾਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ, ਨੂੰ ਪ੍ਰਾਈਡ ਆਫ ਇੰਡੀਆ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਸਪੋਰਟਸ ਵਿੱਚੋਂ ਨੈਸ਼ਨਲ ਪੱਧਰ ਉੱਪਰ ਖੇਡੇ ਹਰ ਵਿਦਿਆਰਥੀ ਨੂੰ ਪ੍ਰਾਈਡ ਆਫ ਇੰਡੀਆ—ਸਪੋਰਟਸ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਵਿੱਚ ਬਹੁਤ ਸਾਰੇ ਅਜਿਹੇ ਟੀਚਿੰਗ ਅਤੇ ਨਾਨ—ਟੀਚਿੰਗ ਕਰਮਚਾਰੀ ਹਨ, ਜਿਹਨਾਂ ਉੱਪਰ ਸਕੂਲ ਦੇ ਨਾਲ ਨਾਲ ਸਮਾਜ ਨੂੰ ਵੀ ਮਾਣ ਹੈ। ਅਜਿਹੇ ਵਿਅਕਤੀ ਦੂਸਰਿਆਂ ਲਈ ਵੀ ਰੋਲ ਮਾਡਲ ਹਨ। ਇਹਨਾਂ ਸਭ ਨੂੰ ਪ੍ਰਾਈਡ ਆਫ ਸਕੂਲ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਹੈ। ਡਾ. ਜਗਜੀਤ ਸਿੰਘ ਧੂਰੀ ਦੇ ਕਹਿਣ ਮੁਤਾਬਕ ਫੈਡਰੇਸ਼ਨ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਾਂਝੇ ਉਪਰਾਲੇ ਸਦਕਾ ਪੰਜਾਬ ਵਿੱਚ ਸੱਭਿਆਚਾਰ ਪ੍ਰਤੀ ਚੇਤਨਾ ਵਧੀ ਹੈ। ਫੈਡਰੇਸ਼ਨ ਵੱਲੋਂ ਫੈਪ ਨੈਸ਼ਨਲ ਐਵਾਰਡ ਵਿੱਚ ਵਾਰ, ਕਵੀਸ਼ਰੀ, ਵਿਆਹ ਦੇ ਗੀਤ, ਗਰੁੱਪ ਗੀਤ, ਗਰੁੱਪ ਡਾਂਸ, ਕੋਲਾਜ ਮੇਕਿੰਗ ਅਤੇ ਪੇਂਟਿੰਗ ਦੇ ਮੁਕਾਬਲੇ ਕਰਵਾ ਕੇ ਸੱਭਿਆਚਾਰ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਹਰਿਆਣਾ ਦੇ ਮਾਣਯੋਗ ਗਵਰਨਰ ਸ਼੍ਰੀ ਆਸ਼ਿਮ ਕੁਮਾਰ ਘੋਸ਼, ਸੀ.ਆਈ.ਐਸ.ਸੀ.ਈ. ਬੋਰਡ ਦੇ ਚੇਅਰਮੈਨ ਡਾ. ਜੀ. ਇਮੈਨੂਅਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਐਵਾਰਡ ਵਿੱਚ ਦੇਸ਼ ਦੇ 18 ਸੂਬਿਆਂ ਦੇ ਸਕੂਲ ਭਾਗ ਲੈ ਰਹੇ ਹਨ।
