ਪਿੰਡ ਬਜਹੇੜੀ–ਪੀਰ ਸੁਹਾਣਾ ਨੇੜੇ ਆਵਾਜਾਈ ਲਈ ਰਸਤਾ ਨਾ ਮਿਲਣ ‘ਤੇ ਪਿੰਡਾਂ ਵਾਲਿਆਂ ਨੇ ਸ਼ੁਰੂ ਕੀਤਾ ਪੱਕਾ ਧਰਨਾ


ਖਰੜ, 25 ਨਵੰਬਰ (ਅਵਤਾਰ ਸਿੰਘ )
ਸਬ ਡਵੀਜ਼ਨ ਖਰੜ ਦੇ ਪਿੰਡਾਂ ਵਿਚੋ ਰਾਸ਼ਟਰੀ ਹਾਈਵੇਅ ਅਥਾਰਟੀ ਵਲੋਂ ਕੱਢੇ ਗਏ ਰਾਸ਼ਟਰੀ ਰਾਜ ਮਾਰਗ ਨੰਬਰ: 205 ਤੇ ਰੰਧਾਵਾ ਰੋਡ ਨੇੜੇ ਪਿੰਡ ਬਜਹੇੜੀ, ਪੀਰ ਸੁਹਾਣਾ ਨੇੜੇ ਪਿੰਡਾਂ ਦੀ ਆਵਾਜ਼ਾਈ ਲਈ ਰਸਤਾ ਨਾ ਦੇਣ ਤੇ ਪਿੰਡਾਂ ਦੀਆਂ ਪੰਚਾਇਤਾਂ, ਭਾਰਤੀ ਕਿਸਾਨ ਯੂਨੀਅਨ ਵਲੋਂ ਸਰਕਾਰ ਅਤੇ ਹਾਈਵੇਅ ਅਥਾਰਟੀ ਦੇ ਖਿਲਾਫ ਪੱਕੇ ਤੌਰ ਤੇ ਰੋਸ ਧਰਨਾ ਲਗਾ ਦਿੱਤਾ ਗਿਆ ਹੈ । ਅੱਜ ਦੇ ਇਸ ਧਰਨੇ ਵਿਚ ਪਿੰਡ ਬਜਹੇੜੀ, ਪੀਰ ਸੁਹਾਣਾ, ਸਿੰਬਲਮਾਜਰਾ, ਸੋਤਲ, ਗੜਾਗਾਂ ਸਮੇਤ ਹੋਰ ਪਿੰਡਾਂ ਦੀਆਂ ਪੰਚਾਇਤਾਂ, ਕਿਸਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਮੇਹਰ ਸਿੰਘ ਥੇਹੜੀ ਨੇ ਕਿਹਾ ਕਿ ਸਰਕਾਰ ਵਲੋਂ ਜਦੋ ਇਸ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਉਦੋ ਵੀ ਖਰੜ-ਗੜਾਂਗਾਂ ਸੜਕ ਤੇ ਪਿੰਡ ਬਜਹੇੜੀ –ਪੀਰ ਸੁਹਾਣਾ ਨੇੜੇ ਆਵਾਜ਼ਾਈ ਲਈ ਬਿਲਕੁੱਲ ਲਾਂਘਾ ਬੰਦ ਕਰਕੇ ਸਲਿੱਪ ਰੋਡ ਰਾਹੀ ਆਉਣ ਜਾਣ ਦੀ ਪ੍ਰੋਪੋਜ਼ਲ ਤਿਆਰ ਕੀਤੀ ਗਈ ਸੀ ਜਿਸਦੇ ਵਿਰੋਧ ਵਿਚ ਪਿੰਡਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਸਰਕਾਰ ਦੇ ਖਿਲਾਫ 2 ਮਹੀਨੇ ਤੋਂ ਵੱਧ ਸਮੇਂ ਲਈ ਰੋਸ ਧਰਨਾ ਲਗਾ ਦਿੱਤਾ ਗਿਆ ਸੀ। ਉਸ ਸਮੇਂ ਰਾਸ਼ਟਰੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆ ਵਲੋ ਮੌਕੇ ਤੇ ਪੁੱਜ ਕੇ ਖਰੜ-ਗੜਾਗਾਂ ਸੜਕ ਤੇ ਆਵਾਜਾਈ ਲਈ ਲਾਘਾਂ ਦਿੱਤਾ ਗਿਆ ਸੀ ਤਾਂ ਇਹ ਧਰਨਾ ਸਮਾਪਤ ਹੋਇਆ ਸੀ। ਹੁਣ ਜਦੋ ਸੜਕ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ ਅਤੇ ਸੜਕ ਨੂੰ ਦਸੰਬਰ ਵਿਚ ਆਵਾਜਾਈ ਲਈ ਖੋਲਿਆ ਜਾ ਰਿਹਾ ਹੈ ਤੇ ਇਲਾਕੇ ਦੇ 20-25 ਪਿੰਡਾਂ ਨੂੰ ਇਸ ਸੜਕ ਦਾ ਕੀ ਫਾਇਦਾ ਜਦੋ ਇਲਾਕੇ ਦੇ ਲੋਕਾਂ ਨੂੰ ਸੜਕ ਤੇ ਆਉਣ ਜਾਣ ਦੀ ਕੋਈ ਸਹੂਲਤ ਨਹੀ, ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਅਤੇ ਰਾਸ਼ਟਰੀ ਹਾਈਵੇਅ ਅਥਾਰਟੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਰਗ ਤੇ ਆਉਣ ਜਾਣ ਲਈ ਰਸਤਾ ਦੇਣ ਤਾਂ ਕਿ ਪਿੰਡਾਂ ਅਤੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਭੁਪਿੰਦਰ ਸਿੰਘ ਸਰਪੰਚ ਬਜਹੇੜੀ, ਅਮਨਦੀਪ ਸਿੰਘ ਮਾਨ, ਰਣਜੀਤ ਸਿੰਘ ਕਿਸਾਨ ਆਗੂ, ਚਰਨਜੀਤ ਸਿੰਘ ਢੀਡਸਾਂ,ਗੁਰਨਾਮ ਸਿੰਘ, ਗੁਰਮੀਤ ਸਿੰਘ ਧਨੋਆ, ਹਕੀਕਤ ਸਿੰਘ ਘੜੂੰਆਂ, ਗੁਰਿੰਦਰ ਸਿੰਘ ਗਿੱਲ, ਬਲਵਿਦਰ ਸਿੰਘ, ਬਾਵਾ ਸਿੰਘ, ਮੇਜਰ ਸਿੰਘ ਬਜਹੇੜੀ ਨਰਿੰਦਰ ਕੁਮਾਰ, ਮੋਹਨ ਸਿੰਘ ਸਾਬਕਾ ਪੰਚ, ਸਮੇਤ ਹੋਰ ਪਿੰਡਾਂ ਦੇ ਆਗੂ ਹਾਜ਼ਰ ਸਨ।
