ਫਿਲੀਪੀਨ ਦੇ ਬਕੋਲਡ ਸ਼ਹਿਰ ਦੇ ਰੋਟਰੀ ਕਲੱਬ ਪ੍ਰਧਾਨ ਦਾ ਮਲੇਰਕੋਟਲਾ ‘ਚ ਜ਼ੋਰਦਾਰ ਸਵਾਗਤ


ਮਲੇਰਕੋਟਲਾ, 21 ਨਵੰਬਰ (ਮੁਨਸ਼ੀ ਫ਼ਾਰੂਕ)
ਅੱਜ ਰੋਟਰੀ ਕਲੱਬ ਮਾਲੇਰਕੋਟਲਾ ਵੱਲੋਂ ਫਿਲੀਪੀਨ ਦੇ ਬਕੋਲਡ ਸ਼ਹਿਰ ਵਿੱਚ ਚੁਣੇ ਗਏ ਰੋਟਰੀ ਕਲੱਬ ਦੇ ਪ੍ਰਧਾਨ ਸ੍ਰੀ ਰਵਿੰਦਰ ਸਿੰਘ ਵਿੱਕੀ ਦਾ ਸਥਾਨਕ ਕਲੱਬ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਰਵਿੰਦਰ ਸਿੰਘ ਨੇ ਫਿਲੀਪੀਨ ਦੇਸ਼ ਵਿਚ ਰੋਟਰੀ ਸਬੰਧੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦੁਨੀਆਂ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਵਿੱਚ ਫਿਲੀਪੀਨ ਦੇ ਵਿੱਚ ਵੀ ਬਹੁਤ ਸਰਗਰਮ ਹੈ ਪਛੜੇ ਹੋਏ ਵਰਗਾਂ ਦੀ ਸਹਾਇਤਾ ਕਰਨਾ, ਵਾਤਾਵਰਨ ਦੀ ਸੰਭਾਲ ਕਰਨਾ ਲਈ ਕੋਸ਼ਿਸ਼ਾਂ ਕਰਨਾ, ਬਿਮਾਰੀਆਂ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨਾ, ਅੱਖਾਂ ਦੇ ਅਪਰੇਸ਼ਨਾਂ ਦੇ ਮੁਫਤ ਕੈਂਪ ਲਗਾਉਣਾ ਅਤੇ ਲੋੜਵੰਦ ਗਰੀਬ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕਰਨਾ ਆਦਿ ਸਬੰਧੀ ਪ੍ਰੋਜੈਕਟਾਂ ਤੇ ਰੋਟਰੀ ਕਲੱਬ ਬਕੋਲਡ ਕੰਮ ਕਰ ਰਿਹਾ ਹੈ।ਸ੍ਰੀ ਰਵਿੰਦਰ ਵਿੱਕ ਨੇ ਦੱਸਿਆ ਕਿ ਸਾਡੀ ਕਲੱਬ ਵੱਲੋਂ’ਰੁੱਖ ਲਗਾਓ’ ਮੁਹਿੰਮ ਨਾਲ ਲੋਕਾਂ ਨੂੰ ਜੋੜ ਕੇ ਰੱਖਣ ਦੇ ਲਈ ਉੱਥੋਂ ਦੇ ਵਸਨੀਕਾਂ ਨੂੰ ਫਲਦਾਰ ਬੂਟੇ ਵੰਡਣ ਤੋਂ ਬਾਅਦ ਇਹਨਾਂ ਬੂਟਿਆਂ ਦੇ ਫਲਾਂ ਨੂੰ ਖਰੀਦਣ ਦਾ ਭਰੋਸਾ ਰੋਟਰੀ ਕਲੱਬ ਦੇ ਮੈਂਬਰ ਦਿੰਦੇ ਹਨ।ਅਜਿਹਾ ਕਰਨ ਦੇ ਨਾਲ ਲੋਕ ਬੜੀ ਰੁਚੀ ਲੈ ਕੇ ਇਹਨਾਂ ਬੂਟਿਆਂ ਦੀ ਸੰਭਾਲ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਇੱਕ ਅਜਿਹੀ ਐਨ ਜੀ ਓ ਹੈ ਜੋ ਦੁਨੀਆ ਭਰ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਆਪਸ ਵਿੱਚ ਜੋੜਨ ਦਾ ਕੰਮ ਕਰਦੀ ਹੈ ਅਤੇ ਦੁਨੀਆ ਭਰ ਦੇ ਲੋੜਵੰਦਾਂ, ਪੀੜਤਾਂ ਅਤੇ ਬਿਮਾਰਾਂ ਦੀ ਮਦਦ ਕਰਦੀ ਹੈ। ਇਸ ਮੌਕੇ ਤੇ ਰੋਟਰੀ ਕਲੱਬ ਮਲੇਰ ਕੋਟਲਾ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਇਹ ਸਾਡੇ ਸ਼ਹਿਰ ਦੇ ਲਈ ਅਤੇ ਸਾਡੇ ਦੇਸ਼ ਦੇ ਲਈ ਮਾਣ ਦੀ ਗੱਲ ਹੈ ਕਿ ਮਲੇਰਕੋਟਲਾ ਦੇ ਨੇੜਲੇ ਪਿੰਡ ਮਿੱਠੇਵਾਲ ਦੇ ਜੰਮਪਲ ਸ੍ਰੀ ਰਵਿੰਦਰ ਸਿੰਘ ਵਿਕ ਨੇ ਫਿਲੀਪੀਨ ਵਿੱਚ ਜਾ ਕੇ ਰੋਟਰੀ ਕਲੱਬ ਬਕੋਲਡ ਦਾ ਪ੍ਰਧਾਨ ਬਣ ਕੇ ਇਲਾਕੇ ਦਾ ਨਾਮ ਚਮਕਾਇਆ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਲੋਕ ਸੇਵਾ ਦੇ ਸਾਂਝੇ ਪ੍ਰੋਜੈਕਟਸ ਵੀ ਉਲੀਕ ਸਕਦੇ ਹਾਂ। ਰੋਟਰੀ ਕਲੱਬ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਉੱਘੇ ਵਕੀਲ ਸ੍ਰੀ ਦੀਪਕ ਮੋਹਨ ਗੋਇਲ ਨੇ ਆਪਣੀਆਂ ਮਲੇਰਕੋਟਲਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਕੇ ਮਾਹੌਲ ਬੜਾ ਰੰਗੀਨ ਬਣਾ ਦਿੱਤਾ। ਅੰਤ ਵਿੱਚ ਰੋਟਰੀ ਕਲੱਬ ਮਾਲੇਰਕੋਟਲਾ ਦੇ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਅਤੇ ਕੈਸ਼ੀਅਰ ਮੁਹੰਮਦ ਜਮੀਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
