ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦਾ ਸਨਮਾਨ


ਅਹਿਮਦਗੜ੍ਹ, 21 ਨਵੰਬਰ (ਤੇਜਿੰਦਰ ਬਿੰਜੀ)
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਵਾਲੀ ਦੇ ਤਪੱਸਵੀ ਮਹਾਂਪੁਰਸ਼ਾਂ ਦੇ ਅਸਥਾਨ ਸੰਤ ਬਾਬਾ ਧਿਆਨ ਸਿੰਘ ਜੀ, ਸੰਤ ਬਾਬਾ ਦਲੀਪ ਸਿੰਘ ਜੀ, ਸੰਤ ਬਾਬਾ ਮਾਨ ਸਿੰਘ ਜੀ ਅਤੇ ਸੰਤ ਬਾਬਾ ਚੰਨਣ ਸਿੰਘ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਦੇਰ ਰਾਤ ਪੜਾਅ ਦਰ ਪੜਾਅ ਹੁੰਦਾ ਹੋਇਆ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪੁੱਜਾ । ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਦਿਆਲਾ ਜੀ, ਸ਼ਹੀਦ ਭਾਈ ਸਤੀ ਦਾਸ ਜੀ ਦੇ ਸਿਦਕ ਸਵੈਮਾਨ ਬੇ-ਮਿਸ਼ਾਲ ਅਦੁੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਸਜਾਏ ਗਏ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਤੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਵੱਡੀ ਗਿਣਤੀ ਸੰਗਤਾਂ ਨਾਲ ਸਵਾਗਤ ਕੀਤਾ । ਉਨ੍ਹਾਂ ਨਿਰਮਲੇ ਸੰਪਰਦਾਇ ਚੋਂ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਮੌਜੂਦਾ ਮੁਖੀ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਵਾਲਿਆਂ ਦੀਆਂ ਪੰਥਕ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਵੀ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਸਤਾਬਦੀ ਨੂੰ ਸਮਰਪਿਤ 15 ਮਈ 2015 ਨੂੰ ਲੋਹਟਬੱਦੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਅਤੇ 20 ਅਕਤੂਬਰ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਸਮਾਗਮਾਂ ਨੂੰ ਸਮਰਪਿਤ ਲੋਹਟਬੱਦੀ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੱਕ ਵਿਸ਼ਾਲ ਨਗਰ ਕੀਰਤਨ ਸਜਾਉਣ ਦੀ ਸੇਵਾ ਕੀਤੀ ਸੀ । ਇਸ ਨਗਰ ਕੀਰਤਨ ਦੀ ਸੰਪੂਰਨਤਾ ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਪੰਜ ਪਿਆਰਿਆਂ ਅਤੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ । ਸੰਤ ਲੋਹਟਬੱਦੀ ਨੇ ਕਿਹਾ ਕਿ ਨਿਰਮਲੇ ਸੰਪਰਦਾਇ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ ਤੇ ਚਲਦਿਆਂ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰਨ ਲਈ ਯਤਨਸ਼ੀਲ ਹੈ । ਇਸ ਮੌਕੇ ਵੱਖ-ਵੱਖ ਸੰਤ-ਮਹਾਂਪੁਰਸ਼ ਹਾਜਰ ਸਨ । ਇਸ ਮੌਕੇ ਮਹੰਤ ਰੇਸ਼ਮ ਸਿੰਘ ਪਟਿਆਲਾ ਸ੍ਰੀ ਮਹੰਤ ਪੰਚਾਇਤੀ ਅਖਾੜਾ, ਮਹੰਤ ਹਾਕਮ ਸਿੰਘ ਗੰਡੇਵਾਲ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਕਸ਼ਮੀਰ ਸਿੰਘ ਮੁਕਤਸਰ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਸੰਤ ਚਮਕੌਰ ਸਿੰਘ ਪੰਜਗਰਾਈਂ ਆਦਿ ਹਾਜ਼ਰ ਸਨ ।
