ਨੀਤੀ ਉਲੰਘਣ ਕਾਰਨ ਸ਼੍ਰੋਮਣੀ ਕਮੇਟੀ ਦਾ ਯੂ-ਟਿਊਬ ਚੈਨਲ ਮੁਅੱਤਲ

0
xY

(ਨਿਊਜ਼ ਟਾਊਨ ਨੈਟਵਰਕ)
ਚੰਡੀਗੜ੍ਹ, 20 ਨਵੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਕ ਯੂ-ਟਿਊਬ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਯੂ-ਟਿਊਬ ਨੇ ਆਪਣੀ ਨੀਤੀ ਦੇ ਉਲੰਘਣ ਦਾ ਹਵਾਲਾ ਦਿੰਦਿਆਂ ਇਕ ਹਫ਼ਤੇ ਲਈ ਮੁਅੱਤਲ ਕਰ ਦਿਤਾ ਹੈ। ਇਹ ਕਾਰਵਾਈ 19 ਨਵੰਬਰ 2025 ਦੀ ਸ਼ਾਮ ਨੂੰ ਲਾਗੂ ਕੀਤੀ ਗਈ ਜਦ ਸ੍ਰੀ ਹਰਿਮੰਦਰ ਸਾਹਿਬ ਤੋਂ ਹਰ ਰੋਜ਼ ਹੋਣ ਵਾਲੇ ਰਹਿਰਾਸ ਸਾਹਿਬ ਦੇ ਪਾਠ ਦਾ ਸਿੱਧਾ ਪ੍ਰਸਾਰਣ ਜਾਰੀ ਸੀ। ਯੂ-ਟਿਊਬ ਮੁਤਾਬਕ 31 ਅਕਤੂਬਰ 2025 ਨੂੰ ਅਪਲੋਡ ਕੀਤੀ ਇਕ ਵੀਡੀਉ ਨੂੰ ਉਹਨਾਂ ਦੀ ਨੀਤੀ ਦੇ ਅਧੀਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਉ ਵਿਚ ਇਕ ਸਿੱਖ ਪ੍ਰਚਾਰਕ ਨੇ ਸਿੱਖ ਇਤਿਹਾਸ ਨਾਲ ਸਬੰਧਤ ਤੱਥ ਅਤੇ 1984 ਦੀਆਂ ਘਟਨਾਵਾਂ ਦੇ ਸੰਦਰਭ ਨੂੰ ਪੇਸ਼ ਕੀਤਾ ਸੀ। ਵੀਡੀਉ ਵਿਚ ਸਿੱਖ ਯੋਧਿਆਂ ਬਾਰੇ ਇਤਿਹਾਸਕ ਵਿਚਾਰ ਸਾਂਝੇ ਕੀਤੇ ਗਏ ਸਨ, ਜਿਸ ਨੂੰ ਯੂ-ਟਿਊਬ ਨੇ ਆਪਣੀ ਕੰਟੈਂਟ ਗਾਈਡਲਾਈਨਰ਼ ਦੀ ਉਲੰਘਣਾ ਸਮਝਿਆ। ਇਸ ਕਾਰਨ ਚੈਨਲ ਦੀਆਂ ਸਰਗਰਮੀਆਂ ਨੂੰ ਅਸਥਾਈ ਤੌਰ ‘ਤੇ ਰੋਕ ਦਿਤਾ ਗਿਆ। ਸ਼੍ਰੋਮਣੀ ਕਮੇਟੀ ਨੇ ਯੂ-ਟਿਊਬ ਨੂੰ ਆਪਣੇ ਸਿੱਖ ਦ੍ਰਿਸ਼ਟਿਕੋਣ ਅਤੇ ਵੀਡੀਉ ਦਾ ਇਤਿਹਾਸਕ ਪ੍ਰਸੰਗ ਵਿਸਥਾਰ ਨਾਲ ਭੇਜਿਆ ਹੈ। ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਪੇਸ਼ ਕੀਤੀ ਗਈ ਸਮੱਗਰੀ ਸਿੱਖ ਇਤਿਹਾਸ ਦਾ ਇਕ ਪ੍ਰਮਾਣਿਕ ਹਿੱਸਾ ਹੈ ਅਤੇ ਇਸ ਦਾ ਉਦੇਸ਼ ਸਿਰਫ਼ ਧਾਰਮਿਕ ਅਤੇ ਇਤਿਹਾਸਕ ਜਾਣਕਾਰੀ ਸਾਂਝੀ ਕਰਨਾ ਸੀ। ਹਾਲਾਂਕਿ, ਇਸ ਸਮੇਂ ਸ਼੍ਰੋਮਣੀ ਕਮੇਟੀ ਯੂਟਿਊਬ ਤੋਂ ਇਸ ਮਾਮਲੇ ਦੇ ਹੱਲ ਦੀ ਉਡੀਕ ਕਰ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਦੁਨੀਆਂ ਭਰ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਰੋਜ਼ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਦੇ ਦੂਜੇ ਅਧਿਕਾਰਕ ਯੂ-ਟਿਊਬ ਚੈਨਲ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨਾਲ ਜੁੜਨ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੈੱਡ ਗ੍ਰੰਥੀ ਗਿਆਨੀ ਰਘੁਬੀਰ ਸਿੰਘ ਨੇ ਚੈਨਲ ਨੂੰ ਮੁਅੱਤਲ ਕਰਨ ‘ਤੇ ਚਿੰਤਾ ਪ੍ਰਗਟਾਈ ਹੈ।

Leave a Reply

Your email address will not be published. Required fields are marked *