ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਫਰਾਂਸ ਦੇ ਰਾਫ਼ੇਲ ਵਿਕਰੀ ‘ਚ ਫੂਕੀ ਜਾਨ

ਯੂਕਰੇਨ ਨੇ ਫਰਾਂਸ ਨਾਲ 100 ਰਾਫੇਲ ਤੇ ਹਥਿਆਰਾਂ ਲਈ ਕੀਤਾ ਵੱਡਾ ਸੌਦਾ

ਪੈਰਿਸ, 19 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਭਾਰਤੀ ਹਵਾਈ ਫ਼ੌਜ ਕੋਲ ਵੱਡੀ ਗਿਣਤੀ ਵਿੱਚ ਰਾਫੇਲ ਲੜਾਕੂ ਜਹਾਜ਼ ਹਨ, ਜੋ ਆਪ੍ਰੇਸ਼ਨ ਸਿੰਦੂਰ ਦੌਰਾਨ ਆਪਣੀ ਸਮਰੱਥਾ ਅਤੇ ਸ਼ਕਤੀ ਪ੍ਰਦਰਸ਼ਨ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੋ ਚੁਕੇ ਹਨ। ਨਤੀਜੇ ਵਜੋਂ ਹੁਣ ਇਸ ਲੜਾਕੂ ਜਹਾਜ਼ ਦੀ ਰੂਸ ਅਤੇ ਯੂਕਰੇਨ ਵਿਚਕਾਰ ਐਂਟਰੀ ਹੋ ਗਈ ਹੈ। ਦਰਅਸਲ ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਜੰਗ ਚਲ ਰਹੀ ਹੈ। ਇਸ ਸਰਹੱਦੀ ਟਕਰਾਅ ਵਿੱਚ ਰੂਸ ਨੇ ਯੂਕਰੇਨ ਨੂੰ ਕਈ ਵਾਰ ਪਛਾੜਿਆ ਹੈ। ਰੂਸੀ ਲੜਾਕੂ ਜਹਾਜ਼ਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ‘ਤੇ ਤਬਾਹੀ ਮਚਾਈ ਹੈ। ਯੂਕਰੇਨ ਨੇ ਹੁਣ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਰੂਸ ਨਾਲ ਮੁਕਾਬਲਾ ਕਰਨ ਲਈ ਯੂਕਰੇਨ ਨੇ ਹੁਣ ਫਰਾਂਸ ਨਾਲ ਹੱਥ ਮਿਲਾ ਲਿਆ ਹੈ। ਸੋਮਵਾਰ ਨੂੰ ਯੂਕਰੇਨ ਨੇ ਫਰਾਂਸ ਨਾਲ ਇੱਕ ਵੱਡੇ ਰੱਖਿਆ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ਜਿਸ ਵਿੱਚ 10 ਸਾਲਾਂ ਦੀ ਮਿਆਦ ਵਿੱਚ 100 ਰਾਫੇਲ ਲੜਾਕੂ ਜਹਾਜ਼, ਡਰੋਨ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਖਰੀਦਣ ਦਾ ਸਮਝੌਤਾ ਕੀਤਾ ਗਿਆ। ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸਨੂੰ “ਇਤਿਹਾਸਕ ਸਮਝੌਤਾ” ਦੱਸਿਆ। ਇਸ ਵਾਰ ਯੂਕਰੇਨ ਨੇ ਫਰਾਂਸ ‘ਤੇ ਆਪਣੀ ਦਾਅ ਖੇਡਿਆ ਹੈ ਨਾ ਕਿ ਅਮਰੀਕਾ ‘ਤੇ ਕਿਉਂਕਿ ਯੂਕਰੇਨ ਨੂੰ ਪਹਿਲਾਂ ਹੀ ਅਮਰੀਕੀ-ਨਿਰਮਿਤ F-16 ਅਤੇ ਫਰਾਂਸੀਸੀ ਮਿਰਾਜ ਜਹਾਜ਼ ਮਿਲ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਪੈਰਿਸ ਵਿੱਚ ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸੌਦੇ ਵਿੱਚ ਨਵੇਂ ਰਾਫੇਲ ਜੈੱਟ, ਮਜ਼ਬੂਤ ਰਾਡਾਰ, 8 SAMP/T ਹਵਾਈ ਰੱਖਿਆ ਪ੍ਰਣਾਲੀਆਂ ਅਤੇ ਆਧੁਨਿਕ ਹਥਿਆਰ ਸ਼ਾਮਲ ਹਨ। ਪਹਿਲੇ ਪੜਾਅ ਲਈ ਡਿਲੀਵਰੀ 3 ਸਾਲਾਂ ਵਿੱਚ ਸ਼ੁਰੂ ਹੋਵੇਗੀ। ਇਸ ਸਮਝੌਤੇ ਤਹਿਤ ਫਰਾਂਸ ਆਪਣੇ ਸਭ ਤੋਂ ਉੱਨਤ ਰਾਫੇਲ ਜੈੱਟ ਪ੍ਰਦਾਨ ਕਰੇਗਾ। ਇਹ ਜੈੱਟ ਤੇਜ਼, ਸ਼ਕਤੀਸ਼ਾਲੀ ਅਤੇ ਕਈ ਤਰ੍ਹਾਂ ਦੇ ਮਿਸ਼ਨ ਕਰਨ ਦੇ ਸਮਰੱਥ ਹਨ। ਹਰੇਕ ਰਾਫੇਲ ਜਹਾਜ਼ ਦੀ ਕੀਮਤ $100 ਮਿਲੀਅਨ (886.2 ਕਰੋੜ ਰੁਪਏ) ਹੈ। ਯੂਕਰੇਨ ਨੂੰ ਫਰਾਂਸ ਤੋਂ 8 ਉੱਨਤ ਹਵਾਈ-ਰੱਖਿਆ ਪ੍ਰਣਾਲੀਆਂ, ਸਿਖਲਾਈ ਅਤੇ ਉਤਪਾਦਨ ਸਹਾਇਤਾ ਵੀ ਮਿਲੇਗੀ। ਰਾਫੇਲ ਨਾ ਸਿਰਫ਼ ਆਪਣੀਆਂ ਉੱਨਤ ਸਮਰੱਥਾਵਾਂ ਕਰਕੇ ਸਗੋਂ ਭਾਰਤ ਵਿੱਚ ਆਪਣੇ ਸਫਲ ਫੌਜੀ ਪ੍ਰਦਰਸ਼ਨ ਕਰਕੇ ਵੀ ਮੰਗ ਵਿੱਚ ਆ ਗਿਆ ਹੈ। ਰਾਫੇਲ F4 ਮਲਟੀ-ਰੋਲ ਲੜਾਕੂ ਜਹਾਜ਼ ਜਿਨ੍ਹਾਂ ਨੂੰ ਯੂਕਰੇਨ ਨੇ ਖਰੀਦਣ ਲਈ ਫਰਾਂਸ ਨਾਲ ਸਮਝੌਤਾ ਕੀਤਾ ਹੈ, ਉਹੀ ਉੱਨਤ ਜਹਾਜ਼ ਹਨ ਜੋ ਭਾਰਤੀ ਹਵਾਈ ਸੈਨਾ ਦੁਆਰਾ ਵਰਤੇ ਜਾਂਦੇ ਹਨ। ਭਾਰਤੀ ਰਾਫੇਲ ਜੈੱਟਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਵਿੱਚ ਭਾਰੀ ਤਬਾਹੀ ਮਚਾਈ ਸੀ। ਰਾਫੇਲ ਇੱਕ ਸਰਵ-ਵਿਆਪੀ ਲੜਾਕੂ ਜਹਾਜ਼ ਹੈ ਜੋ ਸਾਰੇ ਤਰ੍ਹਾਂ ਦੇ ਲੜਾਕੂ ਹਵਾਬਾਜ਼ੀ ਮਿਸ਼ਨਾਂ ਨੂੰ ਕਰਨ ਦੇ ਸਮਰੱਥ ਹੈ, ਜਿਸ ਵਿੱਚ ਹਵਾ ਤੋਂ ਹਵਾ ਵਿੱਚ ਉੱਤਮਤਾ, ਹਵਾਈ ਰੱਖਿਆ, ਨਜ਼ਦੀਕੀ ਹਵਾਈ ਸਹਾਇਤਾ, ਡੂੰਘੇ ਹਮਲੇ, ਖੋਜੀ ਅਤੇ ਜਹਾਜ਼ ਰੋਧੀ ਹਮਲੇ ਸ਼ਾਮਲ ਹਨ। ਦੱਸਣਯੋਗ ਹੈ ਕਿ ਯੂਕਰੇਨ ਤੇ ਫਰਾਂਸ ਵਿਚਾਲੇ ਹੋਇਆ ਇਹ ਇੱਕ ਬਹੁ-ਅਰਬ ਡਾਲਰ ਦਾ ਸੌਦਾ ਹੈ। ਇੰਨੀ ਵੱਡੀ ਖਰੀਦ ਲਈ ਫੰਡਿੰਗ ਇੱਕ ਵੱਡਾ ਸਵਾਲ ਹੈ। ਇਸ ਵਿੱਚ ਪੱਛਮੀ ਦੇਸ਼ਾਂ ਤੋਂ ਵਿੱਤੀ ਸਹਾਇਤਾ ਜਾਂ ਕਰਜ਼ੇ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ 100 ਜੈੱਟਾਂ ਨੂੰ ਚਲਾਉਣ ਲਈ ਵੱਡੀ ਗਿਣਤੀ ਵਿੱਚ ਪਾਇਲਟਾਂ ਅਤੇ ਟੈਕਨੀਸ਼ੀਅਨਾਂ ਨੂੰ ਲੰਬੀ ਅਤੇ ਗੁੰਝਲਦਾਰ ਸਿਖਲਾਈ ਵਿੱਚੋਂ ਲੰਘਣ ਦੀ ਵੀ ਲੋੜ ਹੋਵੇਗੀ। ਇਸ ਤੋਂ ਇਲਾਵਾ ਇਹ ਸੌਦਾ ਰੂਸ ਦੇ ਨਾਲ-ਨਾਲ ਕੁਝ ਹੋਰ ਯੂਰਪੀਅਨ ਦੇਸ਼ਾਂ ਤੋਂ ਰਾਜਨੀਤਿਕ ਵਿਰੋਧ ਨੂੰ ਜਨਮ ਦੇ ਸਕਦਾ ਹੈ। ਯੂਕਰੇਨ ਦੇ 100 ਰਾਫੇਲ ਲੜਾਕੂ ਜਹਾਜ਼ ਖਰੀਦਣ ਦੇ ਫੈਸਲੇ ਨਾਲ ਰੂਸ-ਯੂਕਰੇਨ ਸੰਘਰਸ਼ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ ਤੇ ਵਿਸ਼ਵ ਪੱਧਰੀ ਰੱਖਿਆ ਬਾਜ਼ਾਰ ਵਿੱਚ ਫਰਾਂਸ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।
