ਜੇਲ੍ਹ ‘ਚ ਬੰਦ ISKP ਅੱਤਵਾਦੀ ਡਾ.ਅਹਿਮਦ ਨੂੰ ਕੈਦੀਆਂ ਨੇ ਕੁੱਟਿਆ


ਅਹਿਮਦਾਬਾਦ, 18 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਸਾਬਰਮਤੀ ਜੇਲ੍ਹ ਵਿੱਚ ਬੰਦ ਅੱਤਵਾਦੀ ਡਾ. ਅਹਿਮਦ ਸਈਦ ਅਤੇ ਹੋਰ ਕੈਦੀਆਂ ਵਿਚਕਾਰ ਹਿੰਸਕ ਝੜਪ ਹੋਈ ਹੈ। ਰਿਪੋਰਟਾਂ ਅਨੁਸਾਰ ਡਾ. ਅਹਿਮਦ ਸਈਦ ‘ਤੇ ਜੇਲ੍ਹ ਦੇ ਅੰਦਰ ਹੋਰ ਕੈਦੀਆਂ ਨੇ ਹਮਲਾ ਕਰ ਦਿਤਾ। ਹਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਨੂੰ ਤੁਰੰਤ ਜੇਲ੍ਹ ਭੇਜਿਆ ਗਿਆ। ਮੁੱਢਲੀਆਂ ਰਿਪੋਰਟਾਂ ਅਨੁਸਾਰ ਤਿੰਨੋਂ ਅੱਤਵਾਦੀ ਇਸ ਸਮੇਂ ਸਾਬਰਮਤੀ ਜੇਲ੍ਹ ਵਿੱਚ ਬੰਦ ਹਨ। ਝੜਪ ਉਦੋਂ ਸ਼ੁਰੂ ਹੋਈ ਜਦੋਂ ਇੱਕ ਅੱਤਵਾਦੀ ਦੀ ਕਿਸੇ ਹੋਰ ਕੈਦੀ ਨਾਲ ਬਹਿਸ ਹੋ ਗਈ। ਸਥਿਤੀ ਵਿਗੜਣ ਮਗਰੋਂ ਤਿੰਨਾਂ ਨੇ ਮਿਲ ਕੇ ਕੈਦੀ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਜ਼ਖਮੀ ਅੱਤਵਾਦੀ ਦੀ ਅੱਖ ਵਿੱਚ ਸੱਟ ਲੱਗੀ ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਹੋਰ ਕੈਦੀਆਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਗੁਜਰਾਤ ਅੱਤਵਾਦ ਵਿਰੋਧੀ ਦਸਤੇ ਨੇ ਹੈਦਰਾਬਾਦ ਦੇ ਡਾ. ਅਹਿਮਦ ਮੋਇਨੂਦੀਨ ਸਈਦ, ਲਖੀਮਪੁਰ, ਉੱਤਰ ਪ੍ਰਦੇਸ਼ ਦੇ ਮੁਹੰਮਦ ਸੁਹੈਲ ਮੁਹੰਮਦ ਸਲੀਮ ਖਾਨ ਅਤੇ ਸ਼ਾਮਲੀ ਦੇ ਆਜ਼ਾਦ ਸੁਲੇਮਾਨ ਸ਼ੇਖ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਵਿਅਕਤੀ ਦੇਸ਼ ਅਤੇ ਵਿਦੇਸ਼ਾਂ ਤੋਂ ਵੱਡੀ ਰਕਮ ਇਕੱਠੀ ਕਰਕੇ ਭਾਰਤ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਦਸ ਦਿਨ ਪਹਿਲਾਂ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਹੈਦਰਾਬਾਦ ਦੇ ਡਾਕਟਰ ਅਹਿਮਦ ਮੋਇਨੂਦੀਨ ਸਈਦ ਨੂੰ ਗਾਂਧੀਨਗਰ ਦੇ ਅਦਾਲਜ ਟੋਲ ਪਲਾਜ਼ਾ ਨੇੜੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਉਸਦੀ ਕਾਰ ਵਿੱਚੋਂ ਇੱਕ ਆਟੋਮੈਟਿਕ ਬੰਦੂਕ, 30 ਕਾਰਤੂਸ ਅਤੇ 4 ਲੀਟਰ ਕੈਸਟਰ ਤੇਲ ਬਰਾਮਦ ਹੋਇਆ ਸੀ।
