NIA ਨੇ ਆਤਮਘਾਤੀ ਹਮਲਾਵਰ ਉਮਰ ਦਾ ਇਕ ਹੋਰ ਸਾਥੀ ਸ੍ਰੀਨਗਰ ਤੋਂ ਕੀਤਾ ਗ੍ਰਿਫ਼ਤਾਰ



(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 18 ਨਵੰਬਰ : ਦਿੱਲੀ ਬੰਬ ਧਮਾਕਾ ਮਾਮਲੇ ਵਿਚ ਐਨ.ਆਈ.ਏ. ਨੇ ਸ੍ਰੀਨਗਰ ਤੋਂ ਆਤਮਘਾਤੀ ਹਮਲਾਵਰ ਡਾਕਟਰ ਉਮਰ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਜਸੀਰ ਬਿਲਾਲ ਵਾਨੀ ਉਰਫ਼ ਦਾਨਿਸ਼ ਵਜੋਂ ਹੋਈ ਹੈ ਜੋ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕਾਜ਼ੀਗੁੰਡ ਖੇਤਰ ਦਾ ਰਹਿਣ ਵਾਲਾ ਹੈ। ਇਲਜ਼ਾਮ ਹੈ ਕਿ ਜਸੀਰ ਨੇ ਅੱਤਵਾਦੀ ਹਮਲਿਆਂ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਸੀ। ਉਸ ਨੇ ਹਮਲਿਆਂ ਵਿਚ ਵਰਤੋਂ ਲਈ ਡਰੋਨਾਂ ਨੂੰ ਸੋਧਿਆ ਸੀ। ਉਹ ਰਾਕੇਟ ਬਣਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਜਸੀਰ ਨੇ ਬੰਬ ਧਮਾਕੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਉਮਰ ਉਨ ਨਬੀ ਨਾਲ ਮਿਲ ਕੇ ਹਮਲੇ ਦੀ ਤਿਆਰੀ ਕੀਤੀ ਸੀ। ਐਨ.ਆਈ.ਏ. ਅਨੁਸਾਰ ਜਸੀਰ ਨੇ ਨਾ ਸਿਰਫ਼ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਬਲਕਿ ਪੂਰੇ ਹਮਲੇ ਦੀ ਯੋਜਨਾ ਬਣਾਉਣ ਵਿਚ ਵੀ ਸਰਗਰਮੀ ਨਾਲ ਸ਼ਾਮਲ ਸੀ। ਉਸ ਨੂੰ ਉਮਰ ਉਨ ਨਬੀ ਦਾ ਸਭ ਤੋਂ ਭਰੋਸੇਮੰਦ ਸਾਥੀ ਦੱਸਿਆ ਜਾਂਦਾ ਹੈ ਜੋ ਹਮਲੇ ਦੇ ਹਰ ਪੜਾਅ ਵਿਚ ਸ਼ਾਮਲ ਸੀ। ਐਨ.ਆਈ.ਏ. ਨੇ ਇਕ ਦਿਨ ਪਹਿਲਾਂ ਹੀ ਉਮਰ ਦੇ ਇਕ ਹੋਰ ਸਾਥੀ ਆਮਿਰ ਰਾਸ਼ਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਆਮਿਰ ‘ਤੇ ਉਮਰ ਨਾਲ ਧਮਾਕੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਦਿੱਲੀ ਧਮਾਕੇ ਵਿਚ ਵਰਤੀ ਗਈ ਕਾਰ ਵੀ ਆਮਿਰ ਰਾਸ਼ਿਦ ਅਲੀ ਦੇ ਨਾਮ ‘ਤੇ ਰਜਿਸਟਰਡ ਹੈ। ਐਨ.ਆਈ.ਏ. ਨੇ ਦਿੱਲੀ ਧਮਾਕੇ ਨੂੰ ਪਹਿਲਾ ਅਜਿਹਾ ਆਤਮਘਾਤੀ ਹਮਲਾ ਮੰਨਿਆ ਹੈ। ਐਨ.ਆਈ.ਏ. ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਦੇ ਪੰਪੋਰ ਦੇ ਸੰਬੂਰਾ ਦਾ ਰਹਿਣ ਵਾਲਾ ਅਮਿਰ ਰਾਸ਼ਿਦ ਅਲੀ ਕੁਝ ਮਹੀਨੇ ਪਹਿਲਾਂ ਧਮਾਕੇ ਵਿਚ ਵਰਤੀ ਗਈ ਕਾਰ ਖ਼ਰੀਦਣ ਲਈ ਦਿੱਲੀ ਆਇਆ ਸੀ। ਇਥੋਂ ਕਾਰ ਖ਼ਰੀਦਣ ਤੋਂ ਬਾਅਦ ਹੀ ਬੰਬ ਵਿਚ ਰੱਖਿਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਆਮਿਰ ਨੇ ਕਥਿਤ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਨਾਲ ਮਿਲ ਕੇ ਇਹ ਸਾਰੀ ਸਾਜ਼ਿਸ਼ ਰਚੀ ਸੀ।
