ਕੌਂਸਲਰਾਂ ਦੇ ਕੰਮ ਨਾ ਹੋਣ ਦੇ ਵਿਰੋਧ ਕਾਰਨ ਹਾਊਸ ਦੀ ਮੀਟਿੰਗ ਕਰਨੀ ਪਈ ਮੁਲਤਵੀ



ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੰਮ ਨਾ ਹੋਣ ਕਾਰਨ ਕੌਂਸਲਰਾਂ ਨੇ ਪਾ ਤਾ ਗਾਹ
ਖਰੜ, 17 ਨਵੰਬਰ (ਸੁਮਿਤ ਭਾਖੜੀ)
ਅੱਜ ਨਗਰ ਕੌਂਸਲ ਖਰੜ ਵੱਲੋਂ ਹਾਊਸ ਦੀ ਮਹੀਨਾਵਾਰ ਮੀਟਿੰਗ ਕੌਂਸਲ ਪ੍ਰਧਾਨ ਬੀਬੀ ਅੰਜੂ ਚੰਦਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਪਰ ਇਹ ਮੀਟਿੰਗ ਕੌਂਸਲਰਾਂ ਵੱਲੋਂ ਉਹਨਾਂ ਦੀਆਂ ਵਾਰਡਾਂ ਦੇ ਕੰਮ ਨਾ ਪਾਉਣ ਕਾਰਨ ਅਤੇ ਨਾ ਹੀ ਪਾਸ ਹੋਏ ਕੰਮ ਹੋਣ ਕਾਰਨ ਇਹ ਮੀਟਿੰਗ ਕੀਤੇ ਗਏ ਤਿੱਖੇ ਵਿਰੋਧ ਦੀ ਭੇਟ ਚੜ ਗਈ।ਜਿਸ ਕਾਰਨ ਇਸ ਮੀਟਿੰਗ ਨੂੰ ਰੱਦ ਕਰਨਾ ਪਿਆ।ਇਸ ਮੌਕੇ ਬੋਲਦਿਆਂ ਕੌਂਸਲਰ ਗੁਰਜੀਤ ਸਿੰਘ ਗੱਗੀ ਨੇ ਕਿਹਾ ਕਿ ਉਹਨਾਂ ਦੀ ਵਾਰਡ ਪਿੰਡ ਖੂਨੀ ਮਾਜਰਾ ਆਦਿ ਦੇ ਖੇਤਰ ਵਿੱਚ ਤੁਸੀਂ ਜਾ ਕੇ ਵੇਖੋ ਬੁਰਾ ਹਾਲ ਹੋਇਆ ਹੋਇਆ ਹੈ ਅਤੇ ਲੋਕ ਨਗਰ ਕੌਂਸਲ ਤੋਂ ਕੰਮ ਹੋਣ ਦੀ ਉਮੀਦ ਲਾਈ ਬੈਠੇ ਹਨ ਪਰ ਹਾਲਾਤ ਮਾੜੇ ਹਨ ਇਸ ਮੌਕੇ ਕਈ ਕੌਂਸਲਰਾਂ ਵੱਲੋਂ ਆਪਣੀ ਵਾਰਡਾਂ ਦੇ ਕੰਮਾਂ ਬਾਰੇ ਪ੍ਰਧਾਨ ਤੇ ਈਓ ਨੂੰ ਉਲਾਂਭੇ ਦਿੱਤੇ ਗਏ ਕਿਉਂਕਿ ਉਹਨਾਂ ਦੇ ਕੰਮ ਪਾਸ ਹੋਣ ਤੋਂ ਬਾਅਦ ਵੀ ਨਹੀਂ ਸ਼ੁਰੂ ਹੋ ਸਕੇ। ਇਸ ਮੌਕੇ ਮੀਟਿੰਗ ਦੇ ਅਜੰਡੇ ਵਿੱਚ ਜਦੋਂ ਕੌਂਸਲਰਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀਆਂ ਵਾਰਡਾਂ ਦੇ ਕੋਈ ਕੰਮ ਇਸ ਵਿੱਚ ਨਹੀਂ ਹਨ ਤਾਂ ਉਹਨਾਂ ਵੱਲੋਂ ਤਿੱਖਾ ਵਿਰੋਧ ਕਰਦਿਆਂ ਨਗਰ ਕੌਂਸਲ ਪ੍ਰਧਾਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦੇ ਖਿਲਾਫ ਵਿਰੋਧ ਕਰਦਿਆਂ ਕੁਝ ਕੌਂਸਲਰ ਜਮੀਨ ਤੇ ਬੈਠ ਗਏ ਅਤੇ ਉਨਾਂ ਵੱਲੋਂ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ ਇਸ ਮੌਕੇ ਬੋਲਦਿਆਂ ਵਾਰਡ ਨੰਬਰ ਚਾਰ ਦੇ ਕੌਂਸਲਰ ਗੋਵਿੰਦਰ ਸਿੰਘ ਚੀਮਾਂ ਨੇ ਨੇ ਪ੍ਰਧਾਨ ਨੂੰ ਕਿਹਾ ਕਿ ਅਸੀਂ 18 ਦਿਨ ਪਹਾੜਾਂ ਵਿੱਚ ਸੰਤਾਪ ਕੱਟ ਕੇ ਤੁਹਾਨੂੰ ਪ੍ਰਧਾਨ ਬਣਾਇਆ ਬਣਾਇਆ ਸੀ ਤਾਂ ਜੋ ਸਾਡੇ ਕੰਮ ਜਿਹੜੇ ਪਹਿਲਾਂ ਪ੍ਰਧਾਨ ਦੇ ਸਮੇਂ ਨਹੀਂ ਹੋਏ ਉਹ ਹੁਣ ਹੋ ਜਾਣਗੇ ਪਰ ਹਾਲਾਤ ਅੱਜ ਇਹ ਹਨ ਕਿ ਹੁਣ ਜੁਲਾਈ ਤੋਂ ਬਾਅਦ ਇੱਕ ਮੀਟਿੰਗ ਹੋਈ ਹੈ ਅਤੇ ਉਸ ਵਿੱਚ ਵੀ ਜਿਹੜੇ ਕੰਮ ਪਏ ਸਨ ਉਹ ਚਾਲੂ ਨਹੀਂ ਹੋਏ ਉਹਨਾਂ ਕਿਹਾ ਕਿ ਹੁਣ ਤੱਕ 10 ਮਾਰਚ 2025 ਵਾਲੀ ਹੋਈ ਮੀਟਿੰਗ ਪਾਸ ਹੋ ਕੇ ਨਹੀਂ ਆਈ ਜਿਸ ਵਿੱਚ ਸਾਰੇ ਕੰਮ ਪਏ ਹੋਏ ਸਨ। ਇਸੇ ਦੌਰਾਨ ਕੌਂਸਲਰ ਮਨਪ੍ਰੀਤ ਸਿੰਘ ਮੰਨਾ ਵੱਲੋਂ ਹਲਕਾ ਵਿਧਾਇਕ ਨੂੰ ਦੱਸਿਆ ਗਿਆ ਕਿ ਪਹਿਲਾਂ ਦੀ ਪ੍ਰਧਾਨ ਵੱਲੋਂ 48 ਮਹੀਨਿਆਂ ਵਿੱਚ 39 ਮੀਟਿੰਗਾਂ ਕੀਤੀਆਂ ਗਈਆਂ ਸਨ ਅਤੇ ਉਨਾਂ ਵੱਲੋਂ 700 ਕਰੋੜ ਰੁਪਏ ਦੇ ਕੰਮ ਅਜੰਡਿਆਂ ਵਿੱਚ ਪਾਏ ਗਏ ਸਨ ਜਿਨਾਂ ਵਿੱਚੋਂ 450 ਕਰੋੜ ਰੁਪਏ ਦੇ ਕੰਮ ਪਾਸ ਹੋ ਕੇ ਆ ਗਏ ਹਨ। ਪਰ ਜਦੋਂ ਦੀ ਤੁਹਾਡੀ ਪਾਰਟੀ ਦੀ ਪ੍ਰਧਾਨ ਬਣੀ ਹੈ ਤਾਂ ਤੁਸੀਂ ਕਹਿੰਦੇ ਸੀ ਕਿ ਹਰ 15 ਦਿਨ ਬਾਅਦ ਮੀਟਿੰਗ ਹੋਵੇਗੀ ਪਰ ਹੁਣ ਤੱਕ ਇੱਕ ਮੀਟਿੰਗ ਹੋਈ ਹੈ ਜਿਸ ਤੇ ਤਲਖੀ ਵਿੱਚ ਆਉਂਦਿਆਂ ਹਲਕਾ ਵਿਧਾਇਕਾਂ ਨੇ ਪਹਿਲਾਂ ਪੁੱਛਿਆ ਕਿ ਕੌਣ ਗੱਲ ਕਰ ਰਿਹਾ ਜਿਸ ਤੇ ਕੌਂਸਲਰ ਮਨਪ੍ਰੀਤ ਸਿੰਘ ਮੰਨਾ ਨੇ ਆਪਣਾ ਨਾਮ ਦੱਸਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਹਾ ਕਿ ਤੁਹਾਡੇ ਵਾਰਡ ਦੇ ਕਿਉਂ ਨਹੀਂ ਕੰਮ ਹੋਏ ਤੁਸੀਂ ਵੀਡੀਓ ਤਾਂ ਪਾ ਰਹੇ ਹੋ ਜਿਸ ਕਲੋਨੀ ਦੀ ਤੁਸੀਂ ਵੀਡੀਓ ਪਾ ਰਹੇ ਹੋ ਉਹ ਕਲੋਨੀ ਹਲੇ ਤੱਕ ਵੀ ਪਾਸ ਨਹੀਂ ਹੋਈ ਜਿਸ ਅੱਗੇ ਤੁਸੀ ਸਰਕਾਰ ਵੱਲੋਂ ਸੜਕ ਬਣਵਾਈ ਹੈ। ਜਦੋਂ ਮਨਪ੍ਰੀਤ ਸਿੰਘ ਮੰਨਾ ਨੇ ਉਹਨਾਂ ਨੂੰ ਮੀਟਿੰਗ ਵਿੱਚ ਆਉਣ ਬਾਰੇ ਪੁੱਛਿਆ ਤਾਂ ਹਲਕਾ ਵਿਧਾਇਕਾ ਨੇ ਤਲਖੀ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਮੈਂ ਕੀ ਕਰਨ ਆਉਣਾ ਮੀਟਿੰਗ ਵਿੱਚ ਤੁਸੀਂ ਕੀ ਕੰਜਰ ਕਲੇਸ ਪਾਇਆ ਹੋਇਆ ਹੈ ਜਿਸ ਤੇ ਕੌਂਸਲਰਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੰਮ ਨਹੀਂ ਹੋ ਰਹੇ ਇਸ ਲਈ ਅਸੀਂ ਧਰਨੇ ਤੇ ਬੈਠੇ ਹਾਂ ਜਿਸ ਤੋਂ ਬਾਅਦ ਹਲਕਾ ਵਿਧਾਇਕਾ ਨੇ ਕਿਹਾ ਕਿ ਤੁਹਾਡੇ 100 ਕਰੋੜ ਦੇ ਕੰਮ ਪਾਸ ਕਰਾਉਣ ਲਈ ਕੱਲ ਹੀ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਇਹ ਕੰਮ ਜਲਦੀ ਹੋ ਜਾਣਗੇ ਜਦੋਂ ਤੁਸੀਂ ਧਰਨੇ ਲਗਾਉਣੇ ਸੀ ਉਦੋਂ ਲਗਾਏ ਨਹੀਂ ਹੁਣ ਧਰਨੇ ਲਗਾਉਣ ਦਾ ਕੀ ਫਾਇਦਾ।ਨਗਰ ਕੌਂਸਲ ਖਰੜ ਦੀ ਮੀਟਿੰਗ ਤੋਂ ਬਾਅਦ ਬਾਹਰ ਆਏ ਕੌਂਸਲਰ ਮਨਪ੍ਰੀਤ ਸਿੰਘ ਮੰਨਾ ਮਾਨ ਸਿੰਘ ਸੈਣੀ ਤੇ ਨੀਲਮ ਸ਼ਰਮਾ ਨੇ ਕਿਹਾ ਕਿ ਅੱਜ ਮੀਟਿੰਗ ਵਿੱਚ ਜਦੋਂ ਕੌਂਸਲਰ ਆਪਣੀਆਂ ਮੰਗਾਂ ਲਈ ਧਰਨੇ ਤੇ ਬੈਠੇ ਸਨ ਤਾਂ ਕਾਰਜ ਸਾਧਕ ਅਫਸਰ ਵੱਲੋਂ ਫੋਨ ਤੇ ਹਲਕਾ ਵਿਧਾਇਕਾਂ ਨਾਲ ਗੱਲ ਕਰਵਾਈ ਗਈ ਪਰ ਅੱਜ ਦੀ ਮੀਟਿੰਗ ਵਿੱਚ ਉਨਾਂ ਵੱਲੋਂ ਤਲਖੀ ਵਿੱਚ ਵਰਤੇ ਗਏ ਇਹ ਸ਼ਬਦ ਕਿ ਤੁਸੀਂ ਕੀ ਕੰਜਰ ਕਲੇਸ਼ ਪਾਇਆ ਹੋਇਆ ਹੈ ਬਾਰੇ ਉਹ ਉਨ੍ਹਾਂ ਦੇ ਸ਼ਬਦਾਂ ਦੀ ਨਿਖੇਧੀ ਕਰਦੇ ਹਨ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਉਹਨਾਂ ਨੂੰ ਇਸ ਪ੍ਰਕਾਰ ਦੀ ਸ਼ਬਦਾਵਲੀ ਨਹੀਂ ਬੋਲਣੀ ਚਾਹੀਦੀ ਸੀ।
ਹਾਊਸ ਦੀ ਮੀਟਿੰਗ ਵਿੱਚ ਹੋ ਰਹੀ ਗਰਮਾ ਗਰਮੀ ਦਾ ਪਤਾ ਲੱਗਣ ਤੇ ਹਲਕਾ ਵਿਧਾਇਕਾ ਮੁੜੇ ਵਾਪਸ
ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਹਲਕਾ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਲਈ ਵੀ ਇੱਕ ਕੁਰਸੀ ਵਿਸ਼ੇਸ਼ ਤੌਰ ਤੇ ਲਗਾਈ ਗਈ ਸੀ ਕਿਉਂਕਿ ਉਹ ਮੀਟਿੰਗ ਵਿੱਚ ਪਹੁੰਚ ਰਹੇ ਸਨ ਪਰ ਮੀਟਿੰਗ ਵਿੱਚ ਬਣੇ ਗਰਮਾ ਗਰਮੀ ਦੇ ਹਾਲਾਤਾਂ ਨੂੰ ਵੇਖਦੇ ਹੋਏ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਵੱਲੋਂ ਫੋਨ ਦੇ ਉੱਤੇ ਕੌਂਸਲਰਾਂ ਨਾਲ ਗੱਲ ਕਰਵਾਈ ਗਈ ਜਿਸ ਤੇ ਬੋਲਦਿਆਂ ਹਲਕਾ ਵਿਧਾਇਕਾ ਨੇ ਕਿਹਾ ਕਿ ਮੈਂ ਤਾਂ ਮੀਟਿੰਗ ਵਿੱਚ ਪਹੁੰਚ ਰਹੀ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਕਾਫੀ ਕਲੇਸ਼ ਪਾਇਆ ਹੋਇਆ ਹੈ ਤਾਂ ਮੈਂ ਵਾਪਸ ਆਪਣੇ ਦਫਤਰ ਚਲੇ ਗਈ ਹਾਂ ਇਸ ਤੋਂ ਬਾਅਦ ਉਹਨਾਂ ਕਿਹਾ ਕਿ ਤੁਸੀਂ ਜਿਹੜੇ ਕੰਮ ਕਰਵਾਉਣੇ ਹਨ ਉਹ ਹੋ ਜਾਣਗੇ ਤੁਹਾਡੇ ਕੋਲ ਸਮਾਂ ਬੜਾ ਘੱਟ ਹੈ ਜਿਹੜੀਆਂ ਤੁਹਾਡੀਆਂ ਚਾਰ ਮੀਟਿੰਗਾਂ ਪਾਸ ਹੋਣ ਤੋਂ ਰਹਿੰਦੀਆਂ ਹਨ ਉਹ ਕਰਵਾ ਦਿੱਤੀਆਂ ਜਾਣਗੀਆਂ ਪਰ ਇਸ ਪ੍ਰਕਾਰ ਮੀਟਿੰਗਾਂ ਖਰਾਬ ਨਾ ਕਰੋ ਅਤੇ ਇਹ ਮੀਟਿੰਗ ਪਾਸ ਕਰ ਦਿਓ ਜਾ ਇਸਨੂੰ ਮੁਲਤਵੀ ਕਰ ਦਿਓ
ਨਗਰ ਕੌਂਸਲ ਖਰੜ ਦੀ ਮੀਟਿੰਗ ਦਾ ਪਤਾ ਲੱਗਣ ਤੇ ਵਾਰਡ ਨੰਬਰ ਚਾਰ ਦੀ ਅਮਨ ਸਿਟੀ ਦੇ ਵਾਸੀ ਆਪਣੀ ਕਲੋਨੀ ਵਿੱਚ ਬੁਨਿਆਦੀ ਸਹੂਲਤਾਂ ਲਈ ਪਿਛਲੇ ਦੋ ਸਾਲਾਂ ਤੋਂ ਜਿੱਥੇ ਨਗਰ ਕੌਂਸਲ ਦੇ ਚੱਕਰ ਕੱਟ ਰਹੇ ਹਨ ਉੱਥੇ ਅੱਜ ਫੇਰ ਵੱਡੀ ਗਿਣਤੀ ਵਿੱਚ ਕਲੋਨੀ ਨਿਵਾਸੀਆਂ ਵੱਲੋਂ ਨਗਰ ਕੌਂਸਲ ਦੇ ਬਾਹਰ ਇਕੱਠ ਕੀਤਾ ਗਿਆ ਅਤੇ ਜਦੋਂ ਉਹ ਪ੍ਰਧਾਨ ਬੀਬੀ ਅੰਜੂ ਚੰਦਰ ਨੂੰ ਆਪਣੀ ਸਮੱਸਿਆ ਦੱਸਣ ਗਏ ਤਾਂ ਉਹਨਾਂ ਕਿਹਾ ਕਿ ਬਾਅਦ ਵਿੱਚ ਗੱਲ ਕਰਦੇ ਹਾਂ ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪ ਦੇ ਸੀਨੀਅਰ ਆਗੂ ਅਤੇ ਅਮਨ ਸਿਟੀ ਦੇ ਵਸਨੀਕ ਹਰਜੀਤ ਸਿੰਘ ਬੰਟੀ ਨੇ ਕਿਹਾ ਕਿ ਹਾਲਾਤ ਬਹੁਤ ਮਾੜੇ ਹਨ ਨਗਰ ਕੌਂਸਲ ਵਿੱਚ ਕੋਈ ਵੀ ਕੰਮ ਜੇਕਰ ਕਰਵਾਉਣਾ ਹੈ ਤਾਂ ਪੈਸੇ ਦੇ ਜਾਂ ਫੋਨ ਕਰਵਾਕੇ ਤਾਂ ਕੰਮ ਹੋ ਸਕਦੇ ਹਨ ਪਰ ਆਮ ਜਨਤਾ ਦਾ ਬਹੁਤ ਮਾੜਾ ਹਾਲ ਹੈ ਜਿਨਾਂ ਦੇ ਕੰਮ ਨਹੀਂ ਹੁੰਦੇ ਜਿਸ ਦੀ ਉਦਾਹਰਨ ਉਨਾਂ ਦੀ ਕਲੋਨੀ ਵਾਸੀ ਹਨ ਜੋ ਪਿਛਲੇ ਦੋ ਸਾਲਾਂ ਤੋਂ ਚੱਕਰ ਮਾਰਦੇ ਹੋਏ ਥੱਕ ਚੁੱਕੇ ਹਨ ਇਸ ਮੌਕੇ ਜਿਲਾ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵੀ ਮੌਕੇ ਤੇ ਪਹੁੰਚੇ ਹੋਏ ਸਨ ਜਿਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਭਰਿਸ਼ਟਾਚਾਰ ਵਿਰੋਧੀ ਦਾਵਿਆਂ ਦੀ ਪੋਲ ਖੁੱਲਦੀ ਸਾਫ ਦਿਖਾਈ ਦੇ ਰਹੀ ਹੈ ਕਿਉਂਕਿ ਨਗਰ ਕੌਂਸਲ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਪੈਸੇ ਸਰੇਆਮ ਚੱਲਦੇ ਹਨ ਕੋਈ ਕੰਮ ਕਰਵਾ ਲਵੋ ਪਰ ਬਿਨਾਂ ਪੈਸੇ ਤੋਂ ਲੋਕਾਂ ਨੂੰ ਇਸ ਪ੍ਰਕਾਰ ਹੀ ਖੱਜਲ ਖੁਆਰ ਹੋਣਾ ਪੈਂਦਾ ਹੈ।
