ਟਰਾਂਸਪੋਰਟ ਮੰਤਰੀ ਨੇ ਤੜਕਸਾਰ ਕੁਰਾਲੀ ਬੱਸ ਸਟੈਂਡ ‘ਤੇ ਮਾਰਿਆ ਛਾਪਾ


ਸਿਵਲ ਵਰਦੀ ’ਚ ਬਿਨ੍ਹਾਂ ਸਕਿਊਰਿਟੀ ਤੜਕਸਾਰ ਪਹੁੰਚੇ ਲਾਲਜੀਤ ਸਿੰਘ ਭੁੱਲਰ
ਮਾਮਲਾ ਰੋਡਵੇਜ਼ ਦੀਆਂ ਬੱਸਾਂ ਬੱਸ ਅੱਡੇ ‘ਤੇ ਨਾ ਰੁਕਣ ਦਾ
ਸਰਕਾਰੀ ਬੱਸ ਚਾਲਕਾਂ ਨੂੰ ਵਿਦਿਆਰਥੀਆਂ ਤੇ ਮਹਿਲਾਵਾਂ ਲਈ ਬੱਸਾਂ ਰੋਕਣ ਦੀ ਹਦਾਇਤ
ਕੁਰਾਲੀ, 17 ਨਵੰਬਰ (ਰਾਜਾ ਸਿੰਘ ਭੰਗੂ)
ਸਥਾਨਕ ਸ਼ਹਿਰ ਦੇ ਬੱਸ ਅੱਡੇ ਉੱਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾ ਰੁਕਣ ਕਾਰਨ ਪ੍ਰੇਸ਼ਾਨ ਵਿਦਿਆਰਥਣਾਂ ਤੇ ਮਹਿਲਾਵਾਂ ਦੀ ਸਮੱਸਿਆ ਨੂੰ ਦੇਖਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਸਵੇਰੇ ਕੁਰਾਲੀ ਬੱਸ ਅੱਡੇ ‘ਤੇ ਪੁੱਜੇ। ਸ੍ਰੀ ਭੁੱਲਰ ਨੇ ਸਵਾਰੀਆਂ ਦੀਆਂ ਮੁਸ਼ਕਿਲਾਂ ਨੂੰ ਅੱਖਾਂ ਨਾਲ ਦੇਖਿਆ। ਮਹਿਲਾਵਾਂ ਨੂੰ ਮੁਫ਼ਤ ਸਹੂਲਤ ਦੀ ਦਿੱਤੇ ਹੋਣ ਕਾਰਨ ਰੋਡਵੇਜ਼ ਤੇ ਪੈਪਸੂ ਟਰਾਂਸਪੋਰਟ ਦੀਆਂ ਬੱਸਾਂ ਨਾ ਰੋਕੇ ਜਾਣ ਦਾ ਮਸਲਾ ਧਿਆਨ ਵਿੱਚ ਆਉਣ ਤੋਂ ਬਾਅਦ ਅੱਜ ਲਾਲਜੀਤ ਸਿੰਘ ਭੁੱਲਰ ਅੱਜ ਸਵੇਰੇ ਸਕਿਓਰਟੀ ਅਤੇ ਨਿਜੀ ਸਟਾਫ਼ ਤੋਂ ਬਗੈਰ ਹੀ ਪਰਨੇ ਵਿੱਚ ਕੁਰਾਲੀ ਪੁੱਜੇ। ਲਾਲਜੀਤ ਸਿੰਘ ਭੁੱਲਰ ਨੇ ਸ਼ਹਿਰ ਦੇ ਮੇਨ ਚੌਂਕ ਵਿੱਚ ਬੱਸ ਅੱਡੇ ‘ਤੇ ਸਵਾਰੀਆਂ ਦੇ ਪਿੱਛੇ ਖੜ੍ਹ ਕੇ ਬੱਸਾਂ ਰੋਕੇ ਜਾਣ ਸਬੰਧੀ ਸਥਿਤੀ ਦੇਖੀ ਅਤੇ ਸਵਾਰੀਆਂ ਦੀ ਪ੍ਰੇਸ਼ਾਨੀ ਖੁਦ ਅੱਖਾਂ ਨਾਲ ਦੇਖੀ। ਇਸੇ ਦੌਰਾਨ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ,‘ਆਪ’ ਆਗੂ ਅਮਨਦੀਪ ਸਿੰਘ ਰੌਕੀ ਅਤੇ ਗੁਰਸ਼ਰਨ ਸਿੰਘ ਬਿੰਦਰਖੀਆ ਵੀ ਮੌਕੇ ‘ਤੇ ਪੁੱਜ ਗਏ। ਸਥਾਨਕ ਆਗੂਆਂ ਦੇ ਆਉਣ ‘ਤੇ ਜਦੋਂ ਸਵਾਰੀਆਂ ਨੂੰ ਕੈਬਨਿਟ ਮੰਤਰੀ ਦੇ ਬੱਸ ਅੱਡੇ ਵਿੱਚ ਮੌਜੂਦ ਹੋਣ ਦੀ ਭਿਣਕ ਲੱਗੀ ਤਾਂ ਬੱਸ ਅੱਡੇ ‘ਤੇ ਮੌਜੂਦ ਮਹਿਲਾਵਾਂ ਤੇ ਵਿਦਿਆਰਥਣਾਂ ਨੇ ਆਪਣੀਆਂ ਸਮੱਸਿਆਵਾਂ ਕੈਬਨਿਟ ਮੰਤਰੀ ਅੱਗੇ ਰੱਖੀਆਂ। ਉਨ੍ਹਾਂ ਦੱਸਿਆ ਕਿ ਮੁਫ਼ਤ ਸਹੂਲਤ ਮਿਲੀ ਹੋਣ ਕਾਰਨ ਰੋਡਵੇਜ਼ ਤੇ ਪੀਆਰਟੀਸੀ ਬੱਸਾਂ ਦੇ ਡਰਾਈਵਰ ਬੱਸਾਂ ਭਜਾ ਕੇ ਲੈ ਜਾਂਦੇ ਹਨ। ਇੱਥੋ ਤੱਕ ਕਿ ਕਈ ਤਾਂ ਬੱਸ ਖਾਲੀ ਹੋਣ ਦੇ ਬਾਵਜੂਦ ਬੱਸ ਡੀਵਾਈਡਰ ਦੇ ਉਲਟ ਪਾਸਿਓ ਤੋਂ ਭਜਾ ਕੇ ਨਿਕਲ ਜਾਂਦੇ ਹਨ। ਮਹਿਲਾਵਾਂ ਨੇ ਕੁਝ ਡਿਪੂਆਂ ਦੇ ਬੱਸ ਸਟਾਫ਼ ਦੇ ਰਵੱਈਏ ਦਾ ਮਾਮਲਾ ਵੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ। ਮਹਿਲਾਵਾਂ ਤੇ ਵਿਦਿਆਰਥਣਾਂ ਦੀ ਸਮੱਸਿਆ ਜਾਨਣ ਤੋਂ ਬਾਅਦ ਕੈਬਨਿਟ ਮੰਤਰੀ ਸ੍ਰੀ ਭੁੱਲਰ ਖੁਦ ਪੰਜਾਬ ਰੋਡਵੇਜ਼ ਤੇ ਪੈਪਸੂ ਬੱਸਾਂ ਦੇ ਚਾਲਕਾਂ ਨੂੰ ਬੱਸਾਂ ਰੋਕਣ ਦੀ ਨਿਜੀ ਤੌਰ ‘ਤੇ ਹਦਾਇਤ ਕਰਦੇ ਰਹੇ। ਉਨ੍ਹਾਂ ਡਰਾਈਵਰਾਂ ਤੇ ਕੰਡਕਟਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਪਹਿਲ ਦੇ ਕੇ ਬੱਸ ਚੜ੍ਹਾਇਆ ਜਾਵੇ। ਇਸ ਮੌਕੇ ਸ੍ਰੀ ਭੁੱਲਰ ਨੇ ਕਿਹਾ ਕਿ ਪਾਰਟੀ ਆਗੂ ਤੇ ਪੰਜਾਬ ਯੂਥ ਡਿਵੈਲਪਮੈਂਟ ਤੇ ਸਪੋਰਟਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵਲੋਂ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਸ ਕਾਰਨ ਉਹ ਖੁਦ ਚੱਲ ਕੇ ਕੁਰਾਲੀ ਬੱਸ ਅੱਡੇ ਦੇ ਹਾਲਾਤ ਦੇਖਣ ਆਏ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਹੱਲ ਲਈ ਕੁਰਾਲੀ ਦੇ ਬੱਸ ਅੱਡੇ ‘ਤੇ ਦੋਵੇਂ ਪਾਸੇ ਬੱਸਾਂ ਰੋਕਣ ਲਈ ਇੰਸਪੈਕਟਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਕਿ ਬੱਸਾਂ ਰੋਕ ਕੇ ਸਵਾਰੀਆਂ ਨੂੰ ਬੱਸਾਂ ਵਿੱਚ ਚੜ੍ਹਾਉਣਗੇ। ਉਨ੍ਹਾਂ ਕਿਹਾ ਕਿਹਾ ਕਿ ਹਦਾਇਤਾਂ ਦੇ ਉਲੰਘਣਾ ਕਰਨ ਵਾਲੇ ਬੱਸਾਂ ਦੇ ਸਟਾਫ਼ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਵਾਰੀਆਂ ਤੇ ਸ਼ਹਿਰ ਵਾਸੀਆਂ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਬਿੱਲਾ ਨੇ ਵੀ ਕੈਬਨਿਟ ਮੰਤਰੀ ਭੁੱਲਰ ਨੂੰ ਸ਼ਹਿਰ ਚੋਂ ਗੁਜ਼ਰਣ ਵਾਲੀਆਂ ਸਾਰੀਆਂ ਬੱਸਾਂ ਬੱਸ ਅੱਡੇ ਤੇ ਰੋਕਣ ਦੀ ਮੰਗ ਕੀਤੀ।
