ਫ਼ਰਦ ਕੇਂਦਰ ਮੁਲਾਜ਼ਮਾਂ ਨਾਲ਼ ਕੰਪਨੀ ਕਰ ਰਹੀ ਹੈ ਧੱਕਾ, ਨਹੀਂ ਮਿਲ ਰਹੀਆਂ ਤਨਖਾਹਾਂ!


ਜੇਕਰ ਮੁਨਾਫ਼ਾ ਅਤੇ ਬਕਾਇਆ ਨਾ ਪਾਇਆ ਤਾਂ ਕਰਾਂਗੇ ਸੰਘਰਸ਼ : ਸੂਬਾ ਪ੍ਰਧਾਨ
ਸਰਦੂਲਗੜ੍ਹ, 17 ਨਵੰਬਰ (ਵਿਨੋਦ ਜੈਨ):
ਫ਼ਰਦ ਕੇਂਦਰ ਕੰਪਿਊਟਰ ਓਪਰੇਟਰ ਐਸੋਸੀਏਸ਼ਨ ਰਜਿ. ਪੰਜਾਬ ਦੇ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਮੂਹ ਪੰਜਾਬ ਦੇ ਡਾਟਾ ਐਂਟਰੀ ਓਪਰੇਟਰ ਪਿਛਲੇ ਕਈ ਸਾਲਾਂ ਤੋਂ ਫਰਦ ਕੇਂਦਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਵੇਂ ਕਿ ਜਮਾਬੰਦੀ, ਖਸਰਾ ਗਿਰਦਾਵਰੀ, ਇੰਤਕਾਲ, ਰੋਜ਼ਨਾਮਚਾ ਆਦਿ ਸਮੇਤ ਸਾਰੇ ਮਾਲ ਰਿਕਾਰਡ ਨੂੰ ਡਿਜੀਟਲ ਕਰਨ ਦਾ ਕੰਮ ਪੰਜਾਬ ਸਰਕਾਰ ਵੱਲੋਂ ਟੈਂਡਰ ਰਾਹੀਂ ਸੀ. ਐਮ. ਸੀ. ਕੰਪਨੀ ਦੇ ਹਵਾਲੇ ਕੀਤਾ ਗਿਆ ਸੀ, ਜਿਸ ਤਹਿਤ ਅਸੀਂ ਸਾਰੇ ਓਪਰੇਟਰ ਭਰਤੀ ਕੀਤੇ ਗਏ ਸੀ ਪਰ ਜਿੱਥੇ ਡਿਜੀਟਲ ਰਿਕਾਰਡ ਕਾਰਨ ਪਟਵਾਰ ਮਾਲ ਰਿਕਾਰਡ ਸਿਸਟਮ ਵਿੱਚ ਸੁਧਾਰ ਆਇਆ ਹੈ, ਓਥੇ ਹੀ ਸਰਕਾਰ ਦੇ ਮਾਲੀਏ ਵਿੱਚ ਵੀ ਵਾਧਾ ਹੋਇਆ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਇਹ ਸਾਰਾ ਕੰਮ ਕਰਨ ਵਾਲੇ ਡਾਟਾ ਐਂਟਰੀ ਓਪਰੇਟਰਾਂ ਨੂੰ ਅੱਜ ਤੱਕ ਉਹ ਹੱਕ ਨਹੀਂ ਮਿਲਿਆ, ਜਿਸ ਦੇ ਉਹ ਹੱਕਦਾਰ ਹਨ।ਉਨ੍ਹਾਂ ਨੇ ਦੱਸਿਆ ਕਿ 2007 ਵਿੱਚ ਡਿਜੀਟਲ ਜਮਾਬੰਦੀ ਪ੍ਰੋਜੈਕਟ ਸ਼ੁਰੂ ਹੋਣ ਸਮੇਂ ਸਾਡੀ ਤਨਖਾਹ ਸਿਰਫ 2700 ਰੁਪਏ ਮਹੀਨਾ ਸੀ, ਅਤੇ ਅੱਜ ਕੁਝ ਓਪਰੇਟਰਾਂ ਸਾਥੀਆ ਦੀ ਤਨਖਾਹ ਸਿਰਫ 8000 ਤੋਂ 9000 ਰੁਪਏ ਪ੍ਰਤੀ ਮਹੀਨਾ ਹੀ ਹੈ। ਅਤੇ ਨਵੇਂ ਓਪਰੇਟਰਾ ਸਾਥੀਆ ਦੀ ਤਨਖਾਹ ਇਸ ਤੋ ਘੱਟ ਹੈ, ਲੱਗਪਗ 17, 18 ਸਾਲਾਂ ਦੀ ਸੇਵਾ ਦੇ ਬਾਵਜੂਦ ਅੱਜ ਦੀ ਮਹਿਗਾਈ ਨੂੰ ਦੇਖਦੇ ਹੋਏ ਸਾਡੀਆਂ ਤਨਖਾਹ ਵਿਚ ਕੋਈ ਵੱਡਾ ਵਾਧਾ ਨਹੀ ਕੀਤਾ ਗਿਆ, ਨਾ ਕੋਈ ਹੋਰ ਸੁਵਿਧਾਵਾਂ ਦਿੱਤੀਆਂ ਗਈਆਂ ਜੋ ਇੱਕ ਮੁਲਾਜ਼ਿਮ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਥੋਂ ਤੱਕ ਕਿ ਸਾਨੂੰ ਕਿਰਤ ਕਾਨੂੰਨ ਮੁਤਾਬਿਕ ਡਿਪਟੀ ਕੁਲੈਕਟਰ ਰੇਟ ਤਨਖਾਹ ਕਦੇ ਵੀ ਨਹੀਂ ਦਿੱਤੀ ਗਈ।ਕੰਪਨੀ ਵੱਲੋਂ ਅਕਤੂਬਰ 2024 ਤੋਂ ਹੀ ਵਾਰ – ਵਾਰ 2–3 ਮਹੀਨੇ ਕੰਮ ਕਰਵਾ ਕੇ ਇਕ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ। ਜਦੋਂ ਅਸੀਂ ਸਾਡਾ ਬਣਦਾ ਹੱਕ ਤਨਖਾਹ ਲਈ ਅਸੀਂ ਕਲਮ-ਛੋਡ ਹੜਤਾਲ ਕਰਦੇ ਹਾਂ ਤਾਂ ਕੰਪਨੀ ਵੱਲੋਂ ਉਨ੍ਹਾਂ ਦਿਨਾਂ ਦੀ ਤਨਖਾਹ ਵੀ ਕੱਟ ਲਈ ਜਾਂਦੀ ਹੈ। ਹੁਣ ਅਕਤੂਬਰ 2025 ਮਹੀਨੇ ਦੀ ਤਨਖਾਹ ਦੇ ਨਾਲ 50% ਦੀਵਾਲੀ ਬੋਨਸ ਦਿੱਤਾ ਗਿਆ ਸੀ ਅਤੇ ਸਾਡੇ ਵਿੱਚੋ ਕੁਝ ਓਪਰੇਟਰਾਂ ਅਕਤੂਬਰ 2025 ਮਹੀਨੇ ਦੀ ਤਨਖਾਹ ਤਾਂ ਦੇ ਦਿੱਤੀ ਪਰ ਦੀਵਾਲ਼ੀ ਬੋਨਸ ਵਜੋਂ ਕੁਝ ਨਹੀਂ ਦਿੱਤਾ ਗਿਆ। ਜ਼ਿਕਰਯੋਗ ਗੱਲ ਹੈ ਕਿ ਉਨ੍ਹਾਂ ਨੂੰ ਵੀ ਫ਼ਰਦ ਕੇਦਰ ਵਿਚ ਕੰਮ ਕਰਦਿਆ ਇਕ ਸਾਲ ਤੋ ਜਿਆਦਾ ਸਮਾਂ ਹੋ ਗਿਆ ਹੈ ਉੱਪਰੋਂ ਕੰਪਨੀ ਵੱਲੋਂ ਸਿਰਫ਼ ਵਟਸਐਪ ਮੈਸਜ ਰਾਹੀਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਬਿਲ ਪਾਸ ਨਹੀਂ ਹੁੰਦੇ ਤਦ ਤੱਕ ਤਨਖਾਹ ਨਹੀਂ ਮਿਲੇਗੀ, ਜੋ ਪੂਰੀ ਤਰ੍ਹਾਂ ਨਾਇਨਸਾਫ਼ੀ ਹੈ।ਓਹਨਾਂ ਕਿਹਾ ਕਿ ਜਦੋਂ ਵੀ ਅਸੀਂ ਤਨਖਾਹ ਦੀ ਮੰਗ ਕਰਦੇ ਹਾਂ, ਕੰਪਨੀ ਸਰਕਾਰ ਦੇ ਬਿਲ ਪਾਸ ਨਾ ਹੋਣ ਦਾ ਬਹਾਨਾ ਬਣਾ ਕੇ ਹੱਥ ਖੜੇ ਕਰ ਲੈਂਦੀ ਹੈ, ਜਦੋਂ ਕਿ ਕੰਪਨੀ ਹਰ ਤਰ੍ਹਾਂ ਦਾ ਮੁਨਾਫ਼ਾ ਖੁਦ ਉਠਾ ਰਹੀ ਹੈ ਪਰ ਓਪਰੇਟਰਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ।ਅੰਤ ਵਿੱਚ, ਐਸੋਸੀਏਸ਼ਨ ਨੇ ਸਾਫ਼ ਕੀਤਾ ਕਿ ਪੰਜਾਬ ਦੇ ਸਮੂਹ ਫਰਦ ਕੇਂਦਰ ਓਪਰੇਟਰ ਹੜਤਾਲ ਨਹੀਂ ਕਰਨਾ ਚਾਹੁੰਦੇ, ਪਰ ਕੰਪਨੀ ਵਲੋਂ ਵਾਰ-ਵਾਰ ਹੋ ਰਹੀ ਤਨਖਾਹ ਵਿਚ ਹੋ ਰਹੀ ਦੇਰੀ ਤੋਂ ਨਿਰਾਸ਼ ਹੋ ਕਰ ਬਾਕੀ ਦੇ ਮਹੀਨੇ ਦੀ ਬਕਾਇਆ ਤਨਖਾਹ ਨਾਲ 50% ਰੁਪਏ ਵਾਧੇ ਤੇ ਸਾਡੇ ਓਪਰੇਟਰਾ ਸਾਥੀਆ ਦਾ ਦੀਵਾਲ਼ੀ ਬੋਨਸ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕਰਦੇ ਹਾਂ।ਜੇਕਰ ਇਹ ਮੰਗਾਂ ਨਾ ਮੰਨੀਆਂ ਗਈਆਂ, ਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਸੀਂ ਮਿਤੀ 2-12-2025 ਤੋਂ ਸੰਘਰਸ਼ ਮੋਰਚਾ ਦੇ ਝੰਡੇ ਹੇਠ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ।
