ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਪ੍ਰਦਰਸ਼ਨ ਦੌਰਾਨ ਪੁਲਸੀਆ ਜ਼ੁਲਮ ਮੰਦਭਾਗਾ : ਕਮਲ ਧਾਲੀਵਾਲ


ਅਹਿਮਦਗੜ੍ਹ, 12 ਨਵੰਬਰ (ਤੇਜਿੰਦਰ ਬਿੰਜੀ) : ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵਲੋਂ ਕੀਤੇ ਗਏ ਸ਼ਾਂਤਮਈ ਪ੍ਰਦਰਸ਼ਨ ‘ਤੇ ਪੁਲਸ ਵਲੋਂ ਕੀਤੀ ਗਈ ਬੇਰਹਿਮ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਤੇ ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਵਿਰੋਧ ਕਿਸੇ ਰਾਜਨੀਤਿਕ ਮੰਤਵ ਨਾਲ ਨਹੀਂ, ਸਗੋਂ ਪੰਜਾਬ ਯੂਨੀਵਰਸਿਟੀ ਦੀ ਇਤਿਹਾਸਕ ਪਛਾਣ ਤੇ ਅਧਿਕਾਰਾਂ ਦੀ ਰੱਖਿਆ ਲਈ ਹੈ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਇਸਦੀ ਮੂਲ ਪਛਾਣ ਤੋਂ ਵਾਂਝਾ ਕਰਨ ਦੀ ਸਾਜਿਸ਼ ਰਚ ਰਹੀ ਹੈ ਅਤੇ ਵਿਦਿਆਰਥੀਆਂ ਨੇ ਉਸੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਪੁਲਿਸ ਨੇ ਇਸ ਸ਼ਾਂਤਮਈ ਆਵਾਜ਼ ਨੂੰ ਡਾਂਗਾਂ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਕੇਂਦਰ ਹੀ ਨਹੀਂ, ਸਗੋਂ ਪੰਜਾਬ ਸਰਕਾਰ ਦੇ ਅਸਲ ਚਿਹਰੇ ਨੂੰ ਵੀ ਬੇਨਕਾਬ ਕੀਤਾ ਹੈ । ਇਹ ਨਿੰਦਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਕਰਨ ਦੀ ਥਾਂ ਉਨ੍ਹਾਂ ‘ਤੇ ਹੀ ਪੁਲਸ ਕਰਵਾਈ ਕਰਵਾਈ । ਕਮਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਸ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ‘ਤੇ ਬੇਰਹਿਮੀ ਨਾਲ ਲਾਠੀਆਂ ਵਰ੍ਹਾਉਣਾ ਤਾਨਾਸ਼ਾਹੀ ਦੀ ਖੁੱਲ੍ਹੀ ਮਿਸਾਲ ਹੈ । ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਨਾਲ ਇਹ ਮੁੱਦਾ ਖਤਮ ਨਹੀਂ ਹੋਵੇਗਾ, ਸਗੋਂ ਪੰਜਾਬ ਦੇ ਲੋਕਾਂ ਵਿੱਚ ਹੋਰ ਰੋਸ ਪੈਦਾ ਕਰੇਗਾ । ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਪੰਜਾਬ ਯੂਨੀਵਰਸਿਟੀ ਸੀਨੇਟ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਯੂਨੀਵਰਸਿਟੀ ‘ਤੇ ਪੰਜਾਬ ਦੇ ਹੱਕ ਦੀ ਮਾਨਤਾ ਦੇਣਾ ਹੁਣ ਲਾਜ਼ਮੀ ਹੈ ।
