YouTuber ਜਯੋਤੀ ਮਲਹੋਤਰਾ ਜ਼ਮਾਨਤ ਲਈ ਪਹੁੰਚੀ ਹਾਈ ਕੋਰਟ


ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਹੇਠ ਕੀਤਾ ਗਿਆ ਸੀ ਗ੍ਰਿਫ਼ਤਾਰ
ਚੰਡੀਗੜ੍ਹ, 12 ਨਵੰਬਰ (ਨਿਊਜ਼ ਟਾਊਨ ਨੈਟਵਰਕ) : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ਹੇਠ ਗ੍ਰਿਫ਼ਤਾਰ ਹਰਿਆਣਾ ਦੇ ਹਿਸਾਰ ਦੀ ਯੂਟਿਊਬਰ ਜਯੋਤੀ ਮਲਹੋਤਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਜਯੋਤੀ ਦੇ ਵਕੀਲ ਕੁਮਾਰ ਮੁਕੇਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਸੁਣਵਾਈ ਜਲਦੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੀਤੀ 23 ਅਕਤੂਬਰ ਨੂੰ ਹਿਸਾਰ ਦੀ ਜ਼ਿਲ੍ਹਾ ਅਦਾਲਤ ਨੇ ਜਯੋਤੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਵੱਲੋਂ ਇਹ ਤਰਕ ਦਿੱਤਾ ਗਿਆ ਸੀ ਕਿ ਆਰੋਪੀ ਨੂੰ ਜ਼ਮਾਨਤ ਦੇਣ ਨਾਲ ਜਾਂਚ ਵਿੱਚ ਰੁਕਾਵਟ ਆ ਸਕਦੀ ਹੈ। ਜ਼ਿਕਰਯੋਗ ਹੈ ਕਿ ਹਿਸਾਰ ਪੁਲਿਸ ਨੇ ਯੂਟਿਊਬ ਚੈਨਲ ‘ਟ੍ਰੈਵਲ ਵਿਦ ਜੋ’ ਚਲਾਉਣ ਵਾਲੀ 34 ਸਾਲਾ ਜਯੋਤੀ ਨੂੰ 16 ਮਈ ਨੂੰ ਅਧਿਕਾਰਤ ਭੇਦ ਐਕਟ ਅਤੇ ਭਾਰਤੀ ਦੰਡ ਕਾਨੂੰਨ (ਬੀਐਨਐਸ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਟਿਊਬਰ ਜਯੋਤੀ ਮਲਹੋਤਰਾ ਇਸ ਸਮੇਂ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
