‘ਰਾਜਾ ਵੜਿੰਗ ਕੋਈ ਰਾਬਿਨਹੁੱਡ ਤਾਂ ਨਹੀਂ, ਜਿਹੜਾ ਫੜਿਆ ਨਹੀਂ ਜਾ ਰਿਹਾ’

SC ਕਮਿਸ਼ਨ ਨੇ ਕਾਂਗਰਸ ਪ੍ਰਧਾਨ ਦੀ ਗ੍ਰਿਫ਼ਤਾਰੀ ਦੇ ਦਿਤੇ ਆਦੇਸ਼

(ਦੁਰਗੇਸ਼ ਗਾਜਰੀ)
ਚੰਡੀਗੜ੍ਹ, 12 ਨਵੰਬਰ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਪੰਜਾਬ ਐਸ.ਸੀ. ਕਮਿਸ਼ਨ ਨੇ ਰਾਜਾ ਵੜਿੰਗ ਨੂੰ 20 ਨਵੰਬਰ ਤਕ ਗ੍ਰਿਫ਼ਤਾਰ ਕਰਨ ਦੇ ਹੁਕਮ ਦਿਤੇ ਹਨ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਐਸ.ਐਸ.ਪੀ. ਨੇ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਕੇਂਦਰੀ ਮੰਤਰੀ ਸ. ਬੂਟਾ ਸਿੰਘ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਸਬੰਧੀ ਸਥਿਤੀ ਰਿਪੋਰਟ ਸੌਂਪ ਦਿਤੀ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ‘ਤੇ ਕਪੂਰਥਲਾ ਦੇ ਐਸ.ਐਸ.ਪੀ. ਦੀ ਨੁਮਾਇੰਦਗੀ ਕਰ ਰਹੇ ਡੀ.ਐਸ.ਪੀ. ਹਰਗੁਰਦੇਵ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਸਰਬਜੋਤ ਸਿੰਘ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਜਾਤੀ ਸਰਟੀਫਿਕੇਟ ਪ੍ਰਾਪਤ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਸ਼ਿਕਾਇਤਕਰਤਾ ਤੋਂ ਮੀਡੀਆ ਰਿਕਾਰਡ ਫੋਰੈਂਸਿਕ ਜਾਂਚ ਲਈ ਪ੍ਰਾਪਤ ਕਰ ਲਏ ਗਏ ਹਨ। ਗੜ੍ਹੀ ਨੇ ਕਿਹਾ ਕਿ ਉਹ ਰਾਜਾ ਵੜਿੰਗ ਸੀ, ਕੋਈ ਰੌਬਿਨ ਹੁੱਡ ਨਹੀਂ ਜਿਸ ਨੂੰ ਤੁਸੀਂ ਨਹੀਂ ਲੱਭ ਸਕੇ। ਗੜ੍ਹੀ ਨੇ ਡੀ.ਐਸ.ਪੀ. ਨੂੰ ਆਪਣੇ ਮੋਬਾਈਲ ਫ਼ੋਨ ਤੋਂ ਇਕ ਵੀਡੀਓ ਦਿਖਾਇਆ ਅਤੇ ਸਮਝਾਇਆ ਕਿ ਉਹ ਤਰਨ ਤਾਰਨ ਅਤੇ ਨਵਾਂਸ਼ਹਿਰ ਵਿਚ ਘੁੰਮ ਰਿਹਾ ਹੈ, ਤਾਂ ਤੁਸੀਂ ਉਸ ਨੂੰ ਕਿਉਂ ਨਹੀਂ ਲੱਭ ਸਕੇ? ਡੀ.ਐਸ.ਪੀ. ਨੇ ਕਿਹਾ ਕਿ ਕੇਸ ਦੇ ਤਕਨੀਕੀ ਪਹਿਲੂਆਂ ਨੂੰ ਰਿਪੋਰਟ ਵਿਚ ਸ਼ਾਮਲ ਕਰਨ ਵਿਚ ਸਮਾਂ ਲੱਗ ਰਿਹਾ ਹੈ। ਸ. ਬੂਟਾ ਸਿੰਘ ਦੇ ਪੁੱਤਰ ਨੇ ਇਕ ਐਸ.ਸੀ. ਸਰਟੀਫਿਕੇਟ ਜਮ੍ਹਾਂ ਕਰਵਾਇਆ ਸੀ। ਵੀਡੀਓ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਜਿਸ ਵਿਚ ਇਕ ਹਫ਼ਤਾ ਜਾਂ ਦਸ ਦਿਨ ਲੱਗਣਗੇ। ਚੇਅਰਮੈਨ ਗੜ੍ਹੀ ਨੇ ਜਵਾਬ ਵਿਚ ਕਿਹਾ, “ਰਾਜਾ ਵੜਿੰਗ ਨੂੰ 20 ਨਵੰਬਰ ਤਕ ਗ੍ਰਿਫ਼ਤਾਰ ਕਰੋ।” ਕਮਿਸ਼ਨ ਨੇ ਰਾਜਾ ਵੜਿੰਗ ਬਾਰੇ ਅਗਲੀ ਕਾਰਵਾਈ ਸਬੰਧੀ 19 ਨਵੰਬਰ ਨੂੰ ਪੁਲਿਸ ਤੋਂ ਰਿਪੋਰਟ ਮੰਗੀ ਹੈ। ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਪੁਲਿਸ ਨੂੰ ਇਸ ਮਾਮਲੇ ‘ਤੇ ਹਫ਼ਤਾਵਾਰੀ ਰਿਪੋਰਟਾਂ ਪੇਸ਼ ਕਰਨ ਦੇ ਵੀ ਨਿਰਦੇਸ਼ ਦਿਤੇ ਹਨ।
ਬਾਜਵਾ, 19 ਨਵੰਬਰ ਨੂੰ ਨਿੱਜੀ ਤੌਰ ‘ਤੇ ਹੋਣਗੇ ਪੇਸ਼

ਦੂਜੇ ਪਾਸੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਅਦਬੀ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਰਵਿੰਦ ਸਿੰਘ ਸਚਦੇਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਤਰਨ ਤਾਰਨ ਉਪ ਚੋਣ ਦੇ ਮੱਦੇਨਜ਼ਰ ਹੋਰ ਤਾਰੀਕ ਦੀ ਮੰਗ ਕੀਤੀ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੂੰ 19 ਨਵੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿਤੇ।
