ਮੁਸਤਫ਼ਾ ਦਾ ਮਹਿਲ, ਸਾਡੇ ਨਵਾਬ ਦੇ ਮਹਿਲਾਂ ਨਾਲੋਂ ਵੀ ਵੱਡਾ : ਸ਼ਮਸ਼ੂਦੀਨ ਚੌਧਰੀ

ਅਰਬਾਂ ਦੀ ਜਾਇਦਾਦ ਕਿਵੇਂ ਬਣੀ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ
ਪੰਚਕੂਲਾ, ਚੰਡੀਗੜ੍ਹ, ਮਲੇਰਕੋਟਲਾ, ਫ਼ਿਰੋਜ਼ਪੁਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਸਥਿਤ ਜਾਇਦਾਦਾਂ ਦੀ ਸੀ.ਬੀ.ਆਈ. ਕਰੇ ਜਾਂਚ


(ਨਿਊਜ਼ ਟਾਊਨ ਨੈਟਵਰਕ)
ਪੰਚਕੂਲਾ, 23 ਅਕਤੂਬਰ : ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਲੜਕੇ ਦੀ ਮੌਤ ਸਬੰਧੀ ਸ਼ਿਕਾਇਤ ਕਰਨ ਵਾਲੇ ਸ਼ਮਸ਼ੂਦੀਨ ਚੌਧਰੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਉਸ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਕਿਉਂਕਿ ਰਜ਼ੀਆ-ਮੁਸਤਫਾ ਦੇ ਸਮਰਥਕ ਉਸ ਨੂੰ ਦੋਸਤਾਂ-ਮਿੱਤਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਦੇ ਨਾਲ ਹੀ ਸ਼ਮਸ਼ੂਦੀਨ ਚੌਧਰੀ ਨੇ ਕਿਹਾ ਕਿ ਮੁਸਤਫਾ ਨੇ ਨਾਜਾਇਜ਼ ਤਰੀਕਿਆਂ ਨਾਲ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਹੋਈ ਹੈ। ਮਲੇਰੋਕਟਲਾ ਵਿਖੇ ਉਸ ਦਾ ਮਹਿਲ ਏਨਾ ਵੱਡਾ ਹੈ ਜਿਨ੍ਹਾਂ ਵੱਡਾ ਮਲੇਰਕੋਟਲਾ ਦੇ ਆਖ਼ਰੀ ਨਵਾਜ਼ ਦਾ ਮਹਿਲ ਵੀ ਨਹੀਂ ਹੈ। ਕਈ ਮੀਡੀਆ ਚੈਨਲਾਂ ਨਾਲ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਇਕ ਮਹਿਲ ਪੰਚਕੂਲਾ ਵਿਖੇ ਬਣਾਇਆ ਹੋਇਆ ਹੈ। ਚੰਡੀਗੜ੍ਹ ਦੇ ਸੈਕਟਰ-34 ਵਿਚ ਕਮਰਸ਼ੀਅਲ ਸੰਪੱਤੀ ਹੈ। ਇਕ ਗੈਸ ਏਜੰਸੀ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ ਪੁਲਿਸ ਸੋਸਾਇਟੀ ਵਿਚ ਵੀ ਕਰੋੜਾਂ ਦਾ ਪਲਾਟ ਹੈ। ਲੜਕੇ ਨੂੰ 50 ਲੱਖ ਦੀ ਬੀ.ਐਮ.ਡਬਲਿਊ. ਖ਼ਰੀਦ ਕੇ ਦਿਤੀ ਸੀ। ਇਸ ਕੋਲ ਏਨਾ ਪੈਸਾ ਕਿਥੋਂ ਆਇਆ, ਇਸ ਦੀ ਜਾਂਚ ਹੋਣੀ ਜਾਣੀ ਚਾਹੀਦੀ ਹੈ। ਸ਼ਮਸ਼ੂਦੀਨ ਚੌਧਰੀ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਕਰਨੀ ਚਾਹੀਦੀ ਹੈ ਤਾਕਿ ਪਤਾ ਲਗਾਇਆ ਜਾਵੇ ਕਿ ਇਸ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਕਿਵੇਂ ਬਣਾਈ। ਸ਼ਮਸ਼ੂਦੀਨ ਚੌਧਰੀ ਨੇ ਖ਼ੁਦ ਨੂੰ ਇਕ ਛੋਟਾ ਕਾਰੋਬਾਰੀ ਦਸਦਿਆਂ ਆਖਿਆ ਕਿ ਮੁਹੰਮਦ ਮੁਸਤਫਾ ਬਿਲਕੁਲ ਗ਼ਰੀਬ ਪਰਿਵਾਰ ਵਿਚ ਪੈਦਾ ਹੋਇਆ। ਬਚਪਨ ਵਿਚ ਮੱਝਾਂ ਚਾਰਿਆ ਕਰਦਾ ਸੀ, ਸਰਕਾਰੀ ਸਕੂਲ ਵਿਚ ਪੜ੍ਹਿਆ ਸੀ। ਉਸ ਦੇ ਪਰਿਵਾਰ ਕੋਲ ਥੋੜੀ ਜਿਹੀ ਜ਼ਮੀਨ ਸੀ ਪਰ ਅੱਜ ਉਸ ਕੋਲ ਅਰਬਾਂ ਰੁਪਏ ਦੀ ਸੰਪੱਤੀ ਹੈ। ਇਹ ਸੰਪੱਤੀ ਕਿਵੇਂ ਬਣੀ, ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਤਨਖ਼ਾਹ ਉਸ ਨੂੰ ਮਿਲੀ ਹੋਵੇਗੀ, ਉਹ ਏਨੀ ਜ਼ਿਆਦਾ ਨਹੀਂ ਹੋ ਸਕਦੀ ਕਿ ਤਿੰਨ ਰਾਜਾਂ ਵਿਚ ਮਹਿਲ ਬਣਾਏ ਜਾ ਸਕਣ। ਗੈਸ ਏਜੰਸੀ ਖ਼ਰੀਦੀ ਜਾ ਸਕੇ। ਚੰਡੀਗੜ੍ਹ ਵਰਗੇ ਸ਼ਹਿਰ ਵਿਚ ਸ਼ੋਅ-ਰੂਮ ਖ਼ਰੀਦੇ ਜਾ ਸਕਣ। ਸ਼ਮਸ਼ੂਦੀਨ ਚੌਧਰੀ ਨੇ ਕਿਹਾ ਕਿ ਨਾਮੀ ਜਾਇਦਾਦ ਤੋਂ ਇਲਾਵਾ ਮੁਸਤਫ਼ਾ ਦੇ ਕਈ ਹੋਟਲ, ਪੈਟਰੋਲ ਪੰਪ ਅਤੇ ਹੋਰ ਜਾਇਦਾਦਾਂ ਵੀ ਹਨ ਜਿਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਖ਼ੁਦ ਨੂੰ ਪਿੱਟ-ਬੁਲ ਕਹੇ ਜਾਣ ਅਤੇ ਗੁਆਂਢੀ ਨਾ ਮੰਨੇ ਜਾਣ ਤੇ ਸ਼ਮਸ਼ੂਦੀਨ ਨੇ ਇਕ ਅਜਿਹੀ ਵੋਟਰ ਸੂਚੀ ਪੇਸ਼ ਕੀਤੀ ਜਿਸ ਵਿਚ ਮੁਹੰਮਦ ਮੁਸਤਫ਼ਾ, ਰਜ਼ੀਆ ਸੁਲਤਾਨਾ, ਬੇਟੀ ਨਿਸ਼ਾਤ ਅਖ਼ਤਰ ਅਤੇ ਬੇਟੇ ਆਕਿਲ ਅਖ਼ਤਰ ਦੀਆਂ ਵੋਟਾਂ ਬਣੀਆਂ ਹੋਈਆਂ ਹਨ, ਨਾਲ ਹੀ ਸ਼ਮਸ਼ੂਦੀਨ ਦੀ ਵੋਟ ਬਣੀ ਹੋਈ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਪਰਿਵਾਰ ਗੁਆਂਢੀ ਹਨ। ਫਿਰੌਤੀ ਗੈਂਗ ਦਾ ਸਰਗਣਾ ਆਖੇ ਜਾਣ ਤੇ ਸ਼ਮਸ਼ੂਦੀਨ ਨੇ ਕਿਹਾ ਕਿ ਉਸ ਵਿਰੁਧ ਅੱਜ ਤਕ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਕਦੇ ਕਿਸੇ ਵਿਅਕਤੀ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਇਹ ਪੁੱਛੇ ਜਾਣ ਤੇ ਕਿ ਤੁਸੀਂ 2018 ਵਿਚ ਮੁਸਤਫ਼ਾ ਕੋਲ ਹੱਥ ਜੋੜ ਕੇ ਬੈਂਕ ਧੋਖਾਧੜੀ ਦਾ ਕੇਸ ਖ਼ਤਮ ਕਰਾਉਣ ਲਈ ਮਦਦ ਮੰਗਣ ਗਏ ਸੀ ਤਾਂ ਸ਼ਮਸ਼ੂਦੀਨ ਚੌਧਰੀ ਨੇ ਕਿਹਾ ਕਿ ਇਹ ਬਿਲਕੁਲ ਝੂਠ ਹੈ। ਮੇਰੀ ਮੁਸਤਫ਼ਾ ਨਾਲ 2017 ਦੀਆਂ ਚੋਣਾਂ ਤੋਂ ਪਹਿਲਾਂ ਇਕ ਬਾਰ ਉਸ ਦੇ ਘਰ ਹੀ ਮੁਲਾਕਾਤ ਹੋਈ ਹੈ। ਮੁਸਤਫ਼ਾ ਨੇ ਰਾਜਨੀਤਕ ਤੌਰ ਤੇ ਮਦਦ ਮੰਗੀ ਸੀ ਪਰ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿਤਾ ਕਿ ਉਹ ਹਰ ਵਿਅਕਤੀ ਦੀ ਬਹੁਤ ਬੇਇੱਜ਼ਤੀ ਕਰ ਦਿੰਦੇ ਹਨ। ਉਸ ਦਿਨ ਮੁਸਤਫ਼ਾ ਨੇ ਆਪਣਾ ਸੁਰੱਖਿਆ ਗਾਰਡ ਮੇਰੇ ਘਰ ਭੇਜ ਕੇ, ਮੇਰੇ ਘਰ ਬਣੇ ਕਬਾਬ ਮੰਗਵਾਏ ਸਨ। ਜਿਸ ਹੌਟਕੇਸ ਵਿਚ ਕਬਾਬ ਭੇਜੇ ਗਏ, ਉਹ ਹੌਟਕੇਸ ਅੱਜ ਵੀ ਮੁਸਤਫ਼ਾ ਦੇ ਘਰ ਪਿਆ ਹੈ, ਵਾਪਸ ਨਹੀਂ ਕੀਤਾ। ਸ਼ਮਸ਼ੂਦੀਨ ਚੌਧਰੀ ਨੇ ਸਪੱਸ਼ਟ ਕੀਤਾ ਕਿ ਉਸ ਦੇ ਪਿੱਛੇ ਕੋਈ ਨਹੀਂ ਹੈ, ਉਸ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਉਸ ਦੀ ਡਿਊਟੀ ਪ੍ਰਮਾਤਮਾ ਨੇ ਸੱਚ ਸਾਹਮਣੇ ਲਿਆਉਣ ਲਈ ਲਗਾਈ ਹੈ ਪਰ ਸਾਬਕਾ ਡੀ.ਜੀ.ਪੀ. ਪਰਚਾ ਦਰਜ ਹੋਣ ਦੇ ਬਾਵਜੂਦ ਉਸ ਨੂੰ ਧਮਕੀਆਂ ਦੇ ਰਿਹਾ ਹੈ। ਸ਼ਮਸ਼ੂਦੀਨ ਨੇ ਕਿਹਾ ਕਿ ਉਹ ਜਦ ਤਕ ਜ਼ਿੰਦਾ ਹੈ, ਇਨਸਾਫ਼ ਲਈ ਲੜਦਾ ਰਹੇਗਾ।