ਸਾਬਕਾ DGP ਮੁਸਤਫ਼ਾ ਅਤੇ ਸਾਬਕਾ ਮੰਤਰੀ ਰਜ਼ੀਆ ਵਿਰੁਧ ਕਤਲ ਦੀ ਸਾਜ਼ਿਸ਼ ਰਚਣ ਦਾ ਮੁਕੱਦਮਾ ਦਰਜ


ਧੀ ਅਤੇ ਨੂੰਹ ਦਾ ਨਾਮ ਵੀ ਪਰਚੇ ਵਿਚ ਸ਼ਾਮਲ, ਵਿਸ਼ੇਸ਼ ਜਾਂਚ ਟੀਮ ਦਾ ਗਠਨ, ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫ਼ਤਾਰੀ

ਸ਼ਮਸ਼ੂਦੀਨ ਚੌਧਰੀ ਦੀ ਸ਼ਿਕਾਇਤ ਤੇ ਹੋਈ ਕਾਰਵਾਈ
(ਨਿਊਜ਼ ਟਾਊਨ ਨੈਟਵਰਕ)
ਪੰਚਕੂਲਾ, 21 ਅਕਤੂਬਰ : ਵਿਵਾਦਾਂ ਵਿਚ ਘਿਰੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਧੀ ਅਤੇ ਨੂੰਹ ਵਿਰੁਧ ਇਥੇ ਕਤਲ ਦੀ ਸਾਜ਼ਿਸ਼ ਰਚਣ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਪਰਿਵਾਰ ਦੇ ਇਕਲੌਤੇ ਪੁੱਤਰ ਆਕਿਲ ਅਖ਼ਤਰ ਦੀ ਸ਼ੱਕੀ ਹਾਲਤ ਵਿਚ ਮੌਤ ਤੋਂ 4 ਦਿਨ ਬਾਅਦ ਪੰਚਕੂਲਾ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ। ਮਿਲੀ ਸੂਚਨਾ ਅਨੁਸਾਰ 20 ਅਕਤੂਬਰ, 2025 ਨੂੰ ਮਨਸਾ ਦੇਵੀ ਕੰਪਲੈਕਸ ਥਾਣਾ, ਪੰਚਕੂਲਾ ਵਿਖੇ ਦਰਜ ਪਰਚੇ ਦਾ ਨੰਬਰ 131 ਹੈ। ਐਫ਼.ਆਈ.ਆਰੀ. ਵਿਚ ਧਾਰਾ 103 (1) ਅਤੇ 61 ਤਹਿਤ ਚਾਰ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਇਕਲੌਤੇ ਪੁੱਤਰ ਆਕਿਲ ਅਖ਼ਤਰ ਦੀ 16 ਅਕਤੂਬਰ ਨੂੰ ਮੌਤ ਹੋ ਗਈ ਸੀ। ਪਰਿਵਾਰ ਦਾ ਕਹਿਣਾ ਸੀ ਕਿ ਇਹ ਮੌਤ ਦਵਾਈਆਂ ਦੀ ਓਵਰਡੋਜ਼ ਕਾਰਨ ਹੋਈ ਹੈ ਪਰ ਆਪਣੀ ਮੌਤ ਤੋਂ ਦੋ ਮਹੀਨੇ ਪਹਿਲਾਂ ਆਕਿਲ ਅਖ਼ਤਰ ਨੇ ਇਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਸਾਰਾ ਪਰਿਵਾਰ ਉਸ ਨੂੰ ਮਾਰ ਦੇਣਾ ਚਾਹੁੰਦਾ ਹੈ। ਆਕਿਲ ਅਖ਼ਤਰ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਅਤੇ ਉਸ ਦੀ ਪਤਨੀ ਦਰਮਿਆਨ ਨਾਜਾਇਜ਼ ਸਬੰਧ ਹਨ, ਉਸ ਨੇ ਕਈ ਬਾਰ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਸੀ। ਦੋਹਾਂ ਦੀ ਇਕ ਨਾਜਾਇਜ਼ ਔਲਾਦ ਵੀ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਚੱਲਦਾ ਆ ਰਿਹਾ ਹੈ। ਆਕਿਲ ਦਾ ਦੋਸ਼ ਸੀ ਕਿ ਉਸ ਨੂੰ ਡਰਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ ਅਤੇ ਘਰ ਵਿਚ ਹੀ ਕੈਦ ਕਰਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਆਕਿਲ ਅਖ਼ਤਰ ਨੂੰ ਬੇਸੁੱਧ ਹਾਲਤ ਵਿਚ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਪੋਸਟ-ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਸੀ। ਆਕਿਲ ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ ਦਫ਼ਨਾਇਆ ਗਿਆ। ਸ਼ੱਕ ਉਦੋਂ ਜ਼ਿਆਦਾ ਵਧ ਗਿਆ ਸੀ ਜਦ ਵੀਡੀਓ ਵਾਇਰਲ ਹੋਣ ਦੇ ਨਾਲ-ਨਾਲ ਆਕਿਲ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਇਸ ਪਰਿਵਾਰ ਦਾ ਰਿਕਾਰਡ ਰਿਹਾ ਹੈ ਕਿ ਕਿਸੇ ਵੀ ਮੈਂਬਰ ਨੇ ਸਰਕਾਰੀ ਹਸਪਤਾਲ ਤੋਂ ਇਲਾਜ ਨਹੀਂ ਕਰਵਾਇਆ। ਉਸ ਨੂੰ ਕਿਸੇ ਵੱਡੇ ਫ਼ੋਰਟਿਸ ਅਤੇ ਏਮਜ਼ ਵਰਗੇ ਨਿੱਜੀ ਹਸਪਤਾਲ ਵਿਚ ਕਿਉਂ ਨਾ ਲਿਜਾਇਆ ਗਿਆ? ਸ਼ਿਕਾਇਤ ਕਰਤਾ ਸ਼ਮਸ਼ੂਦੀਨ ਚੌਧਰੀ ਜਿਸ ਨੇ ਆਪਣੇ-ਆਪ ਨੂੰ ਰਜ਼ੀਆ ਸੁਲਤਾਨਾ ਦਾ ਗੁਆਂਢੀ ਦੱਸਿਆ ਹੈ, ਨੇ ਇਨਸਾਫ਼ ਦੀ ਮੰਗ ਕਰਦਿਆਂ ਪੰਚਕੂਲਾ ਦੇ ਪੁਲਿਸ ਕਮਿਸ਼ਨਰ, ਡੀ.ਜੀ.ਪੀ., ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਦਰਖ਼ਾਸਤ ਅਤੇ ਆਕਿਲ ਦੀ ਵੀਡੀਓ ਸੌਂਪੀ ਜਿਸ ਤੋਂ ਬਾਅਦ ਚਾਰਾਂ ਮੁਲਜ਼ਮਾਂ ਵਿਰੁਧ ਪਰਚਾ ਦਰਜ ਕਰ ਲਿਆ ਗਿਆ। ਸ਼ਮਸ਼ੂਦੀਨ ਚੌਧਰੀ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਸਾਰਿਆਂ ਨੂੰ ਆਕਿਲ ਅਖ਼ਤਰ ਦੀ ਮੌਤ ਦਾ ਬਹੁਤ ਦੁੱਖ ਹੈ ਪਰ ਹਾਲਾਤ ਸ਼ੱਕੀ ਹੋਣ ਕਾਰਨ ਉਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਰਜ਼ੀਆ ਸੁਲਤਾਨਾ ਦੇ ਸਮਰਥਕ ਦਾਅਵਾ ਕਰ ਰਹੇ ਹਨ ਕਿ ਸ਼ਮਸ਼ੂਦੀਨ ਚੌਧਰੀ ਖ਼ੁਦ ਇਕ ਸ਼ੱਕੀ ਵਿਅਕਤੀ ਹੈ। ਉਹ ਸਿਰਫ਼ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਜਿਹਾ ਕਰ ਰਿਹਾ ਹੈ।
ਕੀ ਹੈ ਭਾਰਤੀ ਨਿਆ ਸਾਹਿਤਾ ਦੀ ਧਾਰਾ 103 (1)
ਭਾਰਤੀ ਨਿਆ ਸਾਹਿਤਾ (ਬੀ.ਐਨ.ਐਸ) ਦੀ ਧਾਰਾ 103 (1) ਵਿਚ ਹੱਤਿਆ ਦੀ ਸਜ਼ਾ ਦਾ ਵਰਣਨ ਕੀਤਾ ਗਿਆ ਹੈ। ਧਾਰਾ ਮੁਤਾਬਕ ਕੋਈ ਅਪਰਾਧੀ ਜਿਹੜਾ ਕਤਲ ਕਰਦਾ ਹੈ, ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਅਤੇ ਨਾਲ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।
ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ : ਸੁਖਦੇਵ ਸਿੰਘ

ਸੋਸ਼ਲ ਮੀਡੀਆ ਕੁਰਕੁਨ ਅਤੇ ਫ਼ਰੀਲਾਂਸ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਵੇਖਣ ਨੂੰ ਆਤਮ-ਹੱਤਿਆ ਪਰ ਆਕਿਲ ਅਖ਼ਤਰ ਵਾਲਾ ਮਾਮਲਾ ਬਦਇਖ਼ਲਾਕੀ ਦੁਆਲੇ ਘੁੰਮਦੇ ਘਰੇਲੂ ਰੱਫੜ ਤੋਂ ਕਤਲ ਤਕ ਦਾ ਬਣਦਾ ਹੈ। ਪੰਜਾਬ ਪੁਲਿਸ ਇਸ ਨਾਲ ਨਜਿੱਠਣ ਦੇ ਅਯੋਗ ਹੋਣ ਕਾਰਨ ਇਸ ਸੰਵੇਦਨਸ਼ੀਲ ਮਾਮਲੇ ਦੀ ਪੜਤਾਲ ਸਿੱਧੀ ਸੀ.ਬੀ.ਆਈ. ਦੇ ਹਵਾਲੇ ਹੋਣੀ ਚਾਹੀਦੀ ਹੈ। ਮੁਹੰਮਦ ਮੁਸਤਫ਼ਾ ਦੀ ਹਿਰਾਸਤੀ ਪੁੱਛਗਿੱਛ ਲਾਜ਼ਮੀ ਕਰਨੀ ਬਣਦੀ ਹੈ।