ਅਦਾਕਾਰ ਅਸਰਾਨੀ ਦਾ 84 ਸਾਲ ਦੀ ਉਮਰ ਵਿਚ ਦਿਹਾਂਤ


(ਨਿਊਜ਼ ਟਾਊਨ ਨੈਟਵਰਕ)
ਮੁੰਬਈ, 21 ਅਕਤੂਬਰ : ਗੋਵਰਧਨ ਅਸਰਾਨੀ ਜਿਹੜੇ ਕਿ ਸ਼ੋਹਲੇ ਫ਼ਿਲਮ ਦੇ ਇਕ ਡਾਇਲਾਗ ਹਮ ਅੰਗਰੇਜ਼ੋਂ ਕੇ ਜ਼ਮਾਨੇ ਕੇ ਜੇਲਰ ਹੈਂ, ਨਾਲ ਮਸ਼ਹੂਰ ਹੋਏ ਸਨ, ਉਨ੍ਹਾਂ ਦਾ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਦਿਹਾਂਤ ਹੋ ਗਿਆ। ਉਨ੍ਹਾਂ ਦੀ ਇੱਛਾ ਮੁਤਾਬਕ 15-20 ਪਰਵਾਰਕ ਮੈਂਬਰਾਂ ਨੇ ਇਕੱਤਰ ਹੋ ਕੇ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿਤਾ ਸੀ। ਸਸਕਾਰ ਤੋਂ ਕਈ ਦਿਨ ਬਾਅਦ ਅੱਜ ਉਨ੍ਹਾਂ ਦੀ ਮੌਤ ਦੀ ਖ਼ਬਰ ਜਨਤਕ ਕੀਤੀ ਗਈ ਹੈ। ਪਰਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਅਸਰਾਨੀ ਚਾਹੁੰਦੇ ਸਨ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਨਾ ਫ਼ੈਲਾਈ ਜਾਵੇ ਅਤੇ ਕੁੱਝ ਬੰਦੇ ਹੀ ਉਨ੍ਹਾਂ ਦਾ ਸਸਕਾਰ ਕਰਨ ਅਤੇ ਬਾਅਦ ਵਿਚ ਲੋਕਾਂ ਨੂੰ ਇਸ ਬਾਰੇ ਦੱਸਿਆ ਜਾਵੇ। ਉਨ੍ਹਾਂ ਦਾ ਦਿਹਾਂਤ ਪਿਛਲੇ ਸੋਮਵਾਰ ਨੂੰ ਹੋਇਆ ਜਦਕਿ ਇਸੇ ਦਿਨ ਉਨ੍ਹਾਂ ਨੂੰ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਉਮਰ 84 ਰਹੀ ਅਤੇ ਉਨ੍ਹਾਂ ਨੇ ਕੁੱਲ 350 ਫ਼ਿਲਮਾਂ ਕੀਤੀਆਂ। ਰਾਜੇਸ਼ ਖੰਨਾ ਨਾਲ ਹੀ ਉਨ੍ਹਾਂ ਨੇ 25 ਤੋਂ ਜ਼ਿਆਦਾ ਫ਼ਿਲਮਾਂ ਵਿਚ ਯਾਦਗਾਰੀ ਭੂਮਿਕਾ ਨਿਭਾਈ।