ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਿਰੁਧ ਕਤਲ ਦੀ ਸਾਜ਼ਿਸ਼ ਰਚਣ ਦਾ ਮੁਕੱਦਮਾ ਦਰਜ

0
100

ਧੀ ਨਿਸ਼ਾਤ ਅਖ਼ਤਰ ਅਤੇ ਨੂੰਹ ਜ਼ੈਨਬ ਅਖ਼ਤਰ ਦਾ ਨਾਮ ਵੀ ਪਰਚੇ ਵਿਚ ਸ਼ਾਮਲ

ਸ਼ਮਸ਼ੂਦੀਨ ਚੌਧਰੀ ਦੀ ਸ਼ਿਕਾਇਤ ਤੇ ਹੋਇਆ ਪਰਚਾ

(ਨਿਊਜ਼ ਟਾਊਨ ਨੈਟਵਰਕ)

ਪੰਚਕੂਲਾ, 21 ਅਕਤੂਬਰ : ਵਿਵਾਦਾਂ ਵਿਚ ਘਿਰੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਪੰਜਾਬ ਕਾਂਗਰਸ ਦੀ ਸਕੱਤਰ ਬੇਟੀ ਨਿਸ਼ਾਤ ਅਖ਼ਤਰ ਅਤੇ ਨੂੰਹ ਪੰਜਾਬ ਵਕਫ਼ ਬੋਰਡ ਦੀ ਸਾਬਕਾ ਚੇਅਰਪਰਸਨ ਜ਼ੈਨਬ ਅਖ਼ਤਰ ਵਿਰੁਧ ਇਥੇ ਕਤਲ ਦੀ ਸਾਜ਼ਿਸ਼ ਰਚਣ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਪਰਿਵਾਰ ਦੇ ਇਕਲੌਤੇ ਪੁੱਤਰ ਆਕਿਲ ਅਖ਼ਤਰ ਦੀ ਸ਼ੱਕੀ ਹਾਲਤ ਵਿਚ ਮੌਤ ਤੋਂ 4 ਦਿਨ ਬਾਅਦ ਪੰਚਕੂਲਾ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਗਿਆ ਸੀ। 20 ਅਕਤੂਬਰ, 2025 ਨੂੰ ਮਨਸਾ ਦੇਵੀ ਕੰਪਲੈਕਸ ਥਾਣਾ, ਪੰਚਕੂਲਾ ਵਿਖੇ ਦਰਜ ਪਰਚੇ ਦਾ ਨੰਬਰ 131 ਹੈ। ਐਫ਼.ਆਈ.ਆਰੀ. ਵਿਚ ਧਾਰਾ 103 (1) ਅਤੇ 61 ਤਹਿਤ ਚਾਰ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਇਕਲੌਤੇ ਪੁੱਤਰ ਆਕਿਲ ਅਖ਼ਤਰ ਦੀ 16 ਅਕਤੂਬਰ ਨੂੰ ਮੌਤ ਹੋ ਗਈ ਸੀ। ਪਰਿਵਾਰ ਦਾ ਕਹਿਣਾ ਸੀ ਕਿ ਇਹ ਮੌਤ ਦਵਾਈਆਂ ਦੀ ਓਵਰਡੋਜ਼ ਕਾਰਨ ਹੋਈ ਹੈ ਪਰ ਆਪਣੀ ਮੌਤ ਤੋਂ ਦੋ ਮਹੀਨੇ ਪਹਿਲਾਂ ਆਕਿਲ ਅਖ਼ਤਰ ਨੇ ਇਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਸਾਰਾ ਪਰਿਵਾਰ ਉਸ ਨੂੰ ਮਾਰ ਦੇਣਾ ਚਾਹੁੰਦਾ ਹੈ। ਆਕਿਲ ਅਖ਼ਤਰ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਅਤੇ ਉਸ ਦੀ ਪਤਨੀ ਦਰਮਿਆਨ ਨਾਜਾਇਜ਼ ਸਬੰਧ ਹਨ, ਉਸ ਨੇ ਕਈ ਬਾਰ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਫੜਿਆ ਸੀ। ਦੋਹਾਂ ਦੀ ਇਕ ਨਾਜਾਇਜ਼ ਔਲਾਦ ਵੀ ਹੈ ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਚੱਲਦਾ ਆ ਰਿਹਾ ਹੈ। ਵੀਡੀਓ ਵਿਚ ਇਹ ਵੀ ਦੋਸ਼ ਲਗਾਏ ਗਏ ਸਨ ਕਿ ਉਸ ਦੀ ਭੈਣ ਨਿਸ਼ਾਤ ਅਖ਼ਤਰ ਗ਼ੈਰ-ਸਮਾਜੀ ਕੰਮ ਕਰਦੀ ਹੈ। ਆਕਿਲ ਦਾ ਦੋਸ਼ ਸੀ ਕਿ ਉਸ ਨੂੰ ਡਰਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ ਅਤੇ ਘਰ ਵਿਚ ਹੀ ਕੈਦ ਕਰਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਆਕਿਲ ਅਖ਼ਤਰ ਨੂੰ ਅੱਧਮਰੀ ਹਾਲਤ ਵਿਚ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਪੋਸਟ-ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਸੀ। ਆਕਿਲ ਨੂੰ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿਖੇ ਦਫ਼ਨਾਇਆ ਗਿਆ। ਸ਼ੱਕ ਉਦੋਂ ਜ਼ਿਆਦਾ ਵਧ ਗਿਆ ਸੀ ਜਦ ਵੀਡੀਓ ਵਾਇਰਲ ਹੋਣ ਦੇ ਨਾਲ-ਨਾਲ ਆਕਿਲ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਇਸ ਪਰਿਵਾਰ ਦਾ ਰਿਕਾਰਡ ਰਿਹਾ ਹੈ ਕਿ ਕਿਸੇ ਵੀ ਮੈਂਬਰ ਨੇ ਸਰਕਾਰੀ ਹਸਪਤਾਲ ਤੋਂ ਇਲਾਜ ਨਹੀਂ ਕਰਵਾਇਆ। ਇਹ ਪਰਿਵਾਰ ਅਰਬਾਂ ਰੁਪਏ ਦੀ ਨਾਮੀ ਤੇ ਬੇਨਾਮੀ ਜਾਇਦਾਦ ਦਾ ਮਾਲਕ ਹੈ, ਇਸ ਦੇ ਬਾਵਜੂਦ ਫ਼ੋਰਟਿਸ ਅਤੇ ਏਮਜ਼ ਵਰਗੇ ਹਸਪਤਾਲ ਨੂੰ ਛੱਡ ਕੇ ਆਕਿਲ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸ਼ਮਸ਼ੂਦੀਨ ਚੌਧਰੀ ਜਿਸ ਨੇ ਆਪਣੇ-ਆਪ ਨੂੰ ਰਜ਼ੀਆ ਸੁਲਤਾਨਾ ਦਾ ਗੁਆਂਢੀ ਦੱਸਿਆ ਹੈ, ਨੇ ਇਨਸਾਫ਼ ਦੀ ਮੰਗ ਕਰਦਿਆਂ ਪੰਚਕੂਲਾ ਦੇ ਪੁਲਿਸ ਕਮਿਸ਼ਨਰ, ਡੀ.ਜੀ.ਪੀ., ਹਰਿਆਣਾ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਦਰਖ਼ਾਸਤ ਅਤੇ ਆਕਿਲ ਦੀ ਵੀਡੀਓ ਸੌਂਪੀ ਜਿਸ ਤੋਂ ਬਾਅਦ ਚਾਰਾਂ ਮੁਲਜ਼ਮਾਂ ਵਿਰੁਧ ਪਰਚਾ ਦਰਜ ਕਰ ਲਿਆ ਗਿਆ। ਸ਼ਮਸ਼ੂਦੀਨ ਚੌਧਰੀ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ, ਲੋਕਾਂ ਨੂੰ ਆਕਿਲ ਅਖ਼ਤਰ ਦੀ ਮੌਤ ਦਾ ਬਹੁਤ ਦੁੱਖ ਹੈ ਪਰ ਹਾਲਾਤ ਸ਼ੱਕੀ ਹੋਣ ਕਾਰਨ ਉਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਰਜ਼ੀਆ ਸੁਲਤਾਨਾ ਦੇ ਸਮਰਥਕ ਦਾਅਵਾ ਕਰ ਰਹੇ ਹਨ ਕਿ ਸ਼ਮਸ਼ੂਦੀਨ ਚੌਧਰੀ ਖ਼ੁਦ ਇਕ ਸ਼ੱਕੀ ਵਿਅਕਤੀ ਹੈ। ਉਹ ਸਿਰਫ਼ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਜਿਹਾ ਕਰ ਰਿਹਾ ਹੈ।  

ਕੀ ਹੈ ਭਾਰਤੀ ਨਿਆ ਸਾਹਿਤਾ ਦੀ ਧਾਰਾ 103 (1)

ਭਾਰਤੀ ਨਿਆ ਸਾਹਿਤਾ (ਬੀ.ਐਨ.ਐਸ) ਦੀ ਧਾਰਾ 103 (1) ਵਿਚ ਹੱਤਿਆ ਦੀ ਸਜ਼ਾ ਦਾ ਵਰਣਨ ਕੀਤਾ ਗਿਆ ਹੈ। ਧਾਰਾ ਮੁਤਾਬਕ ਕੋਈ ਅਪਰਾਧੀ ਜਿਹੜਾ ਕਤਲ ਕਰਦਾ ਹੈ, ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਅਤੇ ਨਾਲ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *