ਨਕਲੀ ਵਿਜੀਲੈਂਸ ਨੇ SDO ਤੇ JE ਨੂੰ ਅਗ਼ਵਾ ਕਰ ਕੇ 7 ਲੱਖ ਦੀ ਫ਼ਿਰੌਤੀ ਵਸੂਲੀ


ਚਾਰ ਵਿਚੋਂ ਦੋ ਕਾਬੂ, 7 ਲੱਖ ਵੀ ਬਰਾਮਦ
(ਕਮਲ ਕਪੂਰ)
ਲੁਧਿਆਣਾ, 18 ਅਕਤੂਬਰ : ਜਗਰਾਉਂ ਨੇੜੇ ਥਾਣਾ ਮੁੱਲਾਂਪੁਰ ਦਾਖਾ ਪੁਲਿਸ ਨੇ ਨਕਲੀ ਵਿਜੀਲੈਂਸ ਅਧਿਕਾਰੀ ਬਣ ਕੇ ਮੁੱਲਾਂਪੁਰ ਦਾਖਾ ਵਿਚ ਹੀ ਤੈਨਾਤ ਬਿਜਲੀ ਵਿਭਾਗ ਦੇ ਇਕ ਐਸ.ਡੀ.ਓ ਅਤੇ ਇਕ ਜੇ.ਈ. ਨੂੰ ਅਗ਼ਵਾ ਕਰ ਕੇ ਉਨ੍ਹਾਂ ਕੋਲੋਂ 7 ਲੱਖ ਦੀ ਫਿਰੌਤੀ ਲੈਣ ਵਾਲੇ ਚਾਰ ਮੁਲਜ਼ਮਾਂ ਵਿਚੋਂ ਦੋ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ’ਚ ਦੋ ਮੁਲਜ਼ਮ ਫਿਲਹਾਲ ਫ਼ਰਾਰ ਦੱਸੇ ਜਾ ਰਹੇ ਹਨ। ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਗਿਆ ਹੈ। ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦਸਿਆ ਕਿ 13 ਅਕਤੂਬਰ ਨੂੰ ਇਹ ਚਾਰੇ ਜਣੇ ਆਪਣੀ ਪਾਇਪ ਦੀ ਫੈਕਟਰੀ ਲਈ ਬਿਜਲੀ ਕੁਨੈਕਸ਼ਨ ਲੈਣ ਦੀ ਜਾਣਕਾਰੀ ਲੈਣ ਲਈ ਐਸ.ਡੀ.ਓ. ਅਤੇ ਜੇ.ਈ. ਨੂੰ ਮਿਲੇ ਅਤੇ ਉਨ੍ਹਾਂ ਨਾਲ ਸਾਰੀ ਗੱਲ ਖੋਲ੍ਹ ਲਈ ਅਤੇ ਫਿਰ ਉਨ੍ਹਾਂ ਨੂੰ ਕਹਿਣ ਲੱਗੇ ਕਿ ਅਸੀਂ ਵਿਜੀਲੈਂਸ ਤੋਂ ਆਏ ਹਾਂ ਅਤੇ ਤੁਸੀ ਆਪਣੇ ਐਕਸੀਅਨ ਨਾਲ ਮਿਲ ਕੇ ਰਿਸ਼ਵਤ ਲੈਂਦੇ ਹੋ ਅਤੇ ਇਹੋ ਜਿਹੀਆਂ ਗੱਲ੍ਹਾਂ ਕਰ ਕੇ ਉਨ੍ਹਾਂ ਦੋਹਾਂ ਅਫ਼ਸਰਾਂ ਨੂੰ ਧੱਕੇ ਨਾਲ ਆਪਣੀ ਇਨੋਵਾ ਗੱਡੀ ਵਿਚ ਬਿਠਾ ਕੇ ਲੁਧਿਆਣਾ ਵੱਲ ਨੂੰ ਲੈ ਗਏ ਤੇ ਰਸਤੇ ਵਿਚ ਪੂਰਾ ਮਾਮਲਾ ਰਫ਼ਾ-ਦਫ਼ਾ ਕਰਨ ਲਈ 20 ਲੱਖ ਰੁਪਏ ਮੰਗਣ ਲੱਗ ਪਏ। ਦੋਹਾਂ ਅਫ਼ਸਰਾਂ ਨੇ ਡਰਦੇ ਹੋਏ ਆਪਣੇ ਘਰੋਂ ਅਤੇ ਰਿਸ਼ਤੇਦਾਰਾਂ ਕੋਲੋਂ ਸੱਤ ਲੱਖ ਵੀਹ ਹਜ਼ਾਰ ਰੁਪਏ ਇਕੱਠੇ ਕਰਕੇ ਇਨ੍ਹਾ ਨੂੰ ਦੇ ਦਿਤੇ ਅਤੇ ਫਿਰ ਇਨਾਂ ਨੂੰ ਛੱਡ ਦਿਤਾ ਗਿਆ। ਜਿਸ ਦੇ ਚਲਦੇ ਦੋਵਾਂ ਨੇ ਫਿਰ ਪੁਲਿਸ ਨਾਲ ਸੰਪਰਕ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਪੁਲਿਸ ਨੇ ਉਸੇ ਦਿਨ ਤੋਂ ਇਨਾ ਚਾਰਾਂ ਅਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋ ਪੁਲਿਸ ਨੇ ਕਾਬੂ ਕਰ ਲਏ ਹਨ ਤੇ ਹੁਣ ਇਨ੍ਹਾਂ ਦਾ ਰਿਮਾਂਡ ਲੈਂ ਕੇ ਅਗਲੀ ਪੁੱਛਗਿੱਛ ਕਰਕੇ ਫਰਾਰ ਦੋਵੇਂ ਅਰੋਪੀਆਂ ਨੂੰ ਵੀ ਕਾਬੂ ਕਰਕੇ ਫਿਰੌਤੀ ਦੀ ਰਕਮ ਵੀ ਬਰਾਮਦ ਕੀਤੀ ਜਾਵੇਗੀ। ਡੀ.ਐਸ.ਪੀ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਪਟਿਆਲਾ ਇਲਾਕੇ ਦੇ ਰਹਿਣ ਵਾਲੇ ਹਨ। ਇਨ੍ਹਾਂ ਕੋਲੋਂ ਫ਼ਰਜ਼ੀ ਪੱਤਰਕਾਰੀ ਦੇ ਕਾਰਡ ਵੀ ਮਿਲੇ ਹਨ। ਇਸ ਤੋਂ ਪਹਿਲਾਂ PSPCL ਦਾਖਾ ਸਬ-ਡਿਵੀਜ਼ਨਲ ਅਫ਼ਸਰ ਜਸਕਿਰਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸ਼ੱਕੀ ਪਲਾਸਟਿਕ ਬੋਤਲ ਉਤਪਾਦਨ ਯੂਨਿਟ ਲਈ ਬਿਜਲੀ ਕੁਨੈਕਸ਼ਨ ਪ੍ਰਾਪਤ ਕਰਨ ਦੇ ਬਹਾਨੇ ਦਫ਼ਤਰ ਚੱਕਰ ਕੱਟ ਰਹੇ ਸਨ। ਨਵੇਂ ਕੁਨੈਕਸ਼ਨ ਲਈ ਰਸਮੀ ਕਾਰਵਾਈਆਂ ਬਾਰੇ ਪੁੱਛਗਿੱਛ ਕਰਨ ਤੋਂ ਬਾਅਦ ਉਹ ਚਲੇ ਗਏ। ਥੋੜੀ ਦੇਰ ਬਾਅਦ ਜਦੋਂ ਉਹ ਉਸੇ ਅਹਾਤੇ ਵਿੱਚ ਐਕਸਈਐਨ ਰਵੀ ਕੁਮਾਰ ਚੋਪੜਾ ਦੇ ਦਫ਼ਤਰ ਗਿਆ ਤਾਂ ਚਾਰ ਅਣਪਛਾਤੇ ਆਦਮੀ ਮੌਜੂਦ ਸਨ ਪਰ ਐਕਸਈਐਨ ਉਥੇ ਨਹੀਂ ਸੀ। ਐਸਡੀਓ ਨੇ ਰਿਪੋਰਟ ਦਿਤੀ ਕਿ ਮੁਲਜ਼ਮ ਨੇ ਉਨ੍ਹਾਂ ਦਾ ਗੁੱਟ ਫੜ ਲਿਆ ਅਤੇ ਆਪਣੇ ਆਪ ਨੂੰ ਸਪੈਸ਼ਲ ਟਾਸਕ ਫੋਰਸ ਵਿਜੀਲੈਂਸ ਵਿੰਗ ਦੇ ਅਧਿਕਾਰੀਆਂ ਵਜੋਂ ਪੇਸ਼ ਕੀਤਾ। ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੇ ਸਨ ਕਿਉਂਕਿ XEN ਨੇ ਕਿਸੇ ਤੋਂ ₹2 ਲੱਖ ਦੀ ਰਿਸ਼ਵਤ ਮੰਗੀ ਸੀ। ਐਸਡੀਓ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਟਨਾਵਾਂ ਦੇ ਅਚਾਨਕ ਮੋੜ ਤੋਂ ਘਬਰਾ ਗਿਆ ਸੀ, ਇਸ ਲਈ ਉਸ ਨੇ ਤੁਰੰਤ ਜੂਨੀਅਰ ਇੰਜੀਨੀਅਰ ਪਰਮਿੰਦਰ ਸਿੰਘ ਨੂੰ ਐਕਸਈਐਨ ਦਫ਼ਤਰ ਬੁਲਾਇਆ। ਮੁਲਜ਼ਮਾਂ ਨੇ ਬੰਦੂਕ ਦੀ ਨੋਕ ‘ਤੇ ਦੋਹਾਂ ਅਧਿਕਾਰੀਆਂ ਨੂੰ ਅਗ਼ਵਾ ਕਰ ਲਿਆ ਅਤੇ ਉਨ੍ਹਾਂ ਨੂੰ ਇਕ ਕੋਰੋਲਾ ਕਾਰ ਵਿਚ ਲੁਧਿਆਣਾ ਲੈ ਗਏ। ਮੁਲਜ਼ਮਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿਤੀ ਅਤੇ ਉਨ੍ਹਾਂ ਦੀ ਰਿਹਾਈ ਲਈ ਪੈਸੇ ਮੰਗੇ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ, 7.20 ਲੱਖ ਰੁਪਏ ਦਾ ਪ੍ਰਬੰਧ ਕੀਤਾ ਅਤੇ ਮੁਲਜ਼ਮਾਂ ਨੂੰ ਸੌਂਪ ਦਿਤਾ। ਅਗ਼ਵਾਕਾਰ ਉਨ੍ਹਾਂ ਨੂੰ ਲੁਧਿਆਣਾ ਵਿਚ ਪੁਰਾਣੀ ਚੁੰਗੀ ਨੇੜੇ ਛੱਡ ਕੇ ਭੱਜ ਗਏ। ਮੁਲਜ਼ਮਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਸੂਤਰਾਂ ਮੁਤਾਬਕ ਮੁਲਜ਼ਮਾਂ ਵਿਰੁਧ ਭਾਰਤੀ ਦੰਡ ਵਿਧਾਨ ਦੀ ਧਾਰਾ 364 (ਅਗਵਾ), 170 (ਸਰਕਾਰੀ ਸੇਵਕ ਦਾ ਰੂਪ ਧਾਰਨ ਕਰਨਾ), 384 (ਜ਼ਬਰਦਸਤੀ) ਅਤੇ 34 (ਇੱਕ ਸਾਂਝੇ ਇਰਾਦੇ ਨੂੰ ਅੱਗੇ ਵਧਾਉਣ ਲਈ ਕਈ ਵਿਅਕਤੀਆਂ ਦੁਆਰਾ ਕੀਤੇ ਗਏ ਕੰਮ) ਤਹਿਤ ਮਾਮਲਾ ਦਰਜ ਕੀਤਾ ਗਿਆ।
