ਸਮਾਜ ਸਿਰਜਣ ਵਿਚ ਹਾਲਾਤ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ


ਹਰ ਤਸਵੀਰ ਦੇ ਦੋ ਪਾਸੇ ਹੁੰਦੇ ਨੇ ਤੇ ਹਰ ਕਹਾਣੀ ਦੇ ਦੋ ਪਹਿਲੂ। ਨਿਰਭਰ ਸਾਡੇ ‘ਤੇ ਕਰਦਾ ਹੈ ਕਿ ਅਸੀਂ ਵੇਖਣਾ ਕਿੰਝ ਹੈ ਤੇ ਹੱਲ ਕਿੱਦਾਂ ਕਰਨਾ ਹੈ। ਕੁੱਝ ਮੁੱਦੇ ਦਬਾ ਕੇ, ਜੇ ਕਿਸੇ ਦਾ ਭਲਾ ਹੁੰਦਾ ਹੋਵੇ ਤਾਂ ਵਿਚਾਰ ਕਰ ਲੈਣਾ ਚਾਹੀਦਾ ਹੈ। ਕੁਝ ਕਾਰਜ ਸਮਾਜ ਜਾਂ ਕਾਨੂੰਨ ਦੀਆਂ ਨਜ਼ਰਾਂ ‘ਚ ਗ਼ੈਰ ਕਾਨੂੰਨੀ ਅਤੇ ਮਾੜੇ ਹੁੰਦੇ ਹਨ ਪਰ ਪਰਿਵਾਰ ਦੀ ਭਲਾਈ ਜਾਂ ਸਮਾਜ ਨੂੰ ਬੰਨ੍ਹ ਕੇ ਰੱਖਣ ਲਈ ਉਹਨਾਂ ਦੇ ਹੱਕ ਵਿੱਚ ਵੀ ਖਲੋਣਾ ਪੈਂਦੈ। ਜਿਵੇਂ ਝੂਠ ਬੋਲਣਾ ਮਾੜਾ ਜਾਂ ਪਾਪ ਸਮਝਿਆ ਜਾਂਦੈ ਪਰ ਕਈ ਵਾਰ ਕਿਸੇ ਦੀ ਭਲਾਈ ਜਾਂ ਚੰਗੇਰੇ ਕਾਰਜ ਲਈ ਬੋਲਿਆ ਝੂਠ ਸੱਚ ਨਾਲੋਂ ਵੀ ਜ਼ਿਆਦਾ ਕਾਰਗਰ ਹੋ ਨਿਬੜਦੈ। ਹੋਇਆ ਇੰਝ ਕਿ ਇਕ ਦਿਨ ਦਫਤਰ ਵਿਚ ਬੈਠੇ ਸੀ। ਇਕ ਆਂਗਨਵਾੜੀ ਵਰਕਰ ਨੇ ਆ ਕੇ ਸ਼ਿਕਾਇਤ ਦਿਤੀ ਕਿ ਫਲਾਣੇ ਪਿੰਡ ਦੇ ਇਕ ਪਰਿਵਾਰ ਵਿਚ ਕੋਈ ਮੰਦ ਬੁੱਧੀ ਔਰਤ ਰਹਿ ਰਹੀ ਹੈ ਤੇ ਉਸ ਦੇ ਅੱਠ ਬੱਚੇ ਹਨ ਪਰ ਬੱਚਿਆਂ ਦੀ ਹਾਲਤ ਬੜੀ ਤਰਸਯੋਗ ਹੈ। ਉਨ੍ਹਾਂ ਦੀ ਸੰਭਾਲ ਕੀਤੀ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਪੜਤਾਲ ਕਰਾਉਣੀ ਜ਼ਰੂਰੀ ਸਮਝੀ। ਟੀਮ ਨੂੰ ਘੱਲ ਕੇ ਸਬੰਧਤ ਪਿੰਡ ਵਿਚ ਉਸ ਦੇ ਘਰ ਅਤੇ ਆਲੇ ਦੁਆਲੇ ਦੀ ਪੜਤਾਲ ਕੀਤੀ ਗਈ। ਵਾਕਏ ਹੀ ਘਰ ਦੀ ਹਾਲਤ ਬੜੀ ਤਰਸਯੋਗ ਸੀ। ਘਰ ਦੀ ਗੁਰਬਤ ਆਪਣੀ ਕਹਾਣੀ ਆਪ ਬਿਆਨ ਕਰ ਰਹੀ ਸੀ। ਪੱਖ ਸੁਣਨ ਅਤੇ ਮਸਲੇ ਦੀ ਤਹਿ ਤਕ ਜਾਣ ਲਈ ਘਰ ਦੇ ਜੀਆਂ ਨੂੰ ਬਾਲਾਂ ਸਮੇਤ ਦਫਤਰ ਬੁਲਾਇਆ ਗਿਆ। ਬੱਚਿਆਂ ਦੀ ਮਾਂ ਅਧੇੜ ਉਮਰ ਦੀ ਮੰਦ ਬੁੱਧੀ ਤ੍ਰੀਮਤ ਸੀ। ਉਸ ਦੇ ਅੱਠ ਬੱਚੇ ਸਨ ਅਤੇ ਉਹ ਫਿਰ ਤੋਂ ਗਰਭਵਤੀ ਸੀ। ਉਸ ਦੇ ਨਾਲ ਦੋ ਮਰਦ ਆਏ ਸਨ- ਇਕ ਉਸ ਦਾ ਘਰ ਵਾਲਾ ਅਤੇ ਦੂਜਾ ਜੇਠ ਲੱਗਦਾ ਸੀ। ਘਰ ਵਾਲਾ ਸ਼ਰਾਬੀ ਅਤੇ ਕੰਮਕਾਰ ਵੀ ਘੱਟ ਵੱਧ ਹੀ ਕਰਦਾ ਸੀ। ਜੋ ਕਮਾ ਲਿਆ, ਸੋ ਖਾ ਲਿਆ। ਘਰ ਅਤੇ ਬੱਚਿਆਂ ਦਾ ਕੋਈ ਫ਼ਿਕਰ ਨਹੀਂ ਸੀ। ਔਰਤ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਦੇ ਜੇਠ ਨਾਲ ਹੀ ਸਬੰਧ ਹਨ। ਘਰ ਵਾਲਾ ਤਾਂ ਕਈ-ਕਈ ਦਿਨ ਘਰ ਹੀ ਨਹੀਂ ਵੜਦਾ। ਇਹ ਬੱਚੇ ਵੀ ਜੇਠ ਦੇ ਹੀ ਹਨ। ਦਿਮਾਗ਼ ਅਤੇ ਸੂਰਤ ਪੱਖੋਂ ਅਸਾਧਾਰਨ ਹੋਣ ਕਰਕੇ ਉਹ ਇਕ ਤਰ੍ਹਾਂ ਨਾਲ ਜੇਠ ਤੇ ਇਲਜ਼ਾਮ ਹੀ ਲਗਾ ਰਹੀ ਸੀ। ਸਾਡੇ ਬਾਕੀ ਮੈਂਬਰ ਉਸ ਔਰਤ ਦੇ ਜੇਠ ‘ਤੇ ਸਰੀਰਕ ਸ਼ੋਸ਼ਣ ਦਾ ਪਰਚਾ ਦਰਜ ਕਰਾਉਣ ਲਈ ਕਹਿ ਰਹੇ ਸਨ ਪਰ ਮੈਂ ਉਥੋਂ ਦੇ ਹਾਲਾਤ ਨੂੰ ਬੜੀ ਗਹੁ ਨਾਲ ਵਾਚ ਰਿਹਾ ਸੀ ਅਤੇ ਕਿਸੇ ਨਤੀਜੇ ‘ਤੇ ਪੁੱਜਣ ਤੋਂ ਪਹਿਲਾਂ ਹੋਰ ਸਮਝਣਾ ਚਾਹੁੰਦਾ ਸੀ। ਉਸ ਦਾ ਪਤੀ ਅਤੇ ਜੇਠ ਦੋਵੇਂ ਨੀਵੀਂ ਪਾਈ ਬੈਠੇ ਸਨ। ਜਿਵੇਂ ਉਹਨਾਂ ਉੱਤੇ ਕਿਸੇ ਗੱਲ ਦਾ ਅਸਰ ਹੀ ਨਾ ਹੋਇਆ ਹੋਵੇ। ਮੈਨੂੰ ਉਮੀਦ ਸੀ ਕਿ ਇਸ ਧੱਕੇ ਨੂੰ ਸੁਣ ਕੇ ਉਸ ਦਾ ਪਤੀ ਵਿਰੋਧ ਕਰੇਗਾ ਪਰ ਉਸ ਦੀ ਚੁੱਪ ਉਸ ਦੀ ਸਹਿਮਤੀ ਨੂੰ ਦਰਸਾ ਰਹੀ ਸੀ ਤੇ ਕਈ ਕੁਝ ਸਪੱਸ਼ਟ ਹੁੰਦਾ ਨਜ਼ਰ ਆ ਰਿਹਾ ਸੀ। ਅਸੀਂ ਸਭ ਤੋਂ ਪਹਿਲਾਂ ਤਾਂ ਉਸ ਦੇ ਬੱਚਿਆਂ ਨੂੰ ਅਗਲੇਰੇ ਚੰਗੇ ਭਵਿੱਖ ਲਈ ਬਾਲ ਘਰ ਵਿਚ ਛੱਡਣ ਦਾ ਪ੍ਰਬੰਧ ਕੀਤਾ। ਹਸਪਤਾਲ ਵਿਚ ਉਸ ਔਰਤ ਦਾ ਜਣੇਪਾ ਹੋ ਜਾਣ ਤੋਂ ਬਾਅਦ ਨਸਬੰਦੀ ਕਰਾਉਣ ਅਤੇ ਉਸ ਦਾ ਇਲਾਜ ਕਰਾਉਣ ਬਾਰੇ ਵੀ ਲਿਖਿਆ। ਇਸ ਸਾਰੇ ਮਸਲੇ ਦੀ ਤੰਦ ਖੋਲ੍ਹਦਿਆਂ ਉਸ ਆਂਗਣਵਾੜੀ ਵਰਕਰ ਨੇ ਦੱਸਿਆ ਕਿ ਇਸ ਔਰਤ ਦੇ ਜੇਠ ਦਾ ਆਚਰਣ ਪਿੰਡ ਅਤੇ ਚੌਗਿਰਦੇ ਵਿਚ ਬਹੁਤ ਹੀ ਚੰਗਾ ਹੈ। ਕਦੇ ਵੀ ਇਸ ਦੀ ਕੋਈ ਸ਼ਿਕਾਇਤ ਨਹੀਂ ਸੁਣੀ। ਇਸ ਨੇ ਆਪਣੇ ਭਰਾ ਦੇ ਪਰਿਵਾਰ ਦੀ ਹਾਲਤ ਦੇਖਦੇ ਹੋਏ ਆਪਣਾ ਵਿਆਹ ਵੀ ਨਹੀਂ ਕਰਵਾਇਆ। ਮਿਹਨਤ ਨਾਲ ਜੋ ਵੀ ਕਮਾਉਂਦਾ ਹੈ, ਇਹਨਾਂ ਬੱਚਿਆਂ ‘ਤੇ ਹੀ ਖ਼ਰਚ ਕਰਦਾ ਹੈ। ਬੱਚੇ ਵੀ ਇਸ ਨੂੰ ਤਾਏ ਦੀ ਬਜਾਏ ਭਾਪਾ ਆਖ ਕੇ ਹੀ ਬੁਲਾਉਂਦੇ ਹਨ। ਅਸੀਂ ਵੇਖਿਆ ਕਿ ਬੱਚੇ ਵੀ ਆਪਣੇ ਪਿਓ ਨੂੰ ਛੱਡ ਕੇ ਤਾਏ ਨਾਲ ਹੀ ਲਾਡ ਲਡਾ ਰਹੇ ਸਨ। ਮੈਨੂੰ ਉਸ ਦੀ ਗੱਲ ਸੁਣਦਿਆਂ ਪੁਰਾਤਨ ਪਰਿਵਾਰਾਂ ਦਾ ਢਾਂਚਾ ਚੇਤੇ ਆ ਰਿਹਾ ਸੀ, ਜਿੱਥੇ ਪੰਜ ਸੱਤ ਭਰਾ ਹੁੰਦੇ ਸਨ ਤੇ ਜਾਇਦਾਦ ਦੀ ਵੰਡ ਤੋਂ ਡਰਦੇ ਇਕ ਹੀ ਵਿਆਹਿਆ ਜਾਂਦਾ ਸੀ ਤੇ ਬਾਕੀ ਸਾਰੇ ਛੜੇ ਰਹਿੰਦੇ ਸੀ। ਨਿਆਣੇ ਵੀ ਸਭ ਨੂੰ ਚਾਚਾ ਹੀ ਆਂਹਦੇ ਸਨ, ਭਾਪਾ ਕਿਸੇ ਨੂੰ ਵੀ ਨਹੀਂ। ਕਦੇ ਮੈਂ ਮਹਾਂਭਾਰਤ ਵਿਚ ਪਾਂਡਵਾਂ ਅਤੇ ਦਰੋਪਦੀ ਦੇ ਰਿਸ਼ਤੇ ਬਾਰੇ ਸੋਚਣ ਲੱਗ ਪਿਆ ਸੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਸਮਾਜ ਸਿਰਜਣ ਵਿਚ ਹਾਲਾਤ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਉਹ ਬੀਬੀ ਆਖ ਰਹੀ ਸੀ ਕਿ ਇਹ ਵਿਆਹੀ ਸਿਰਫ਼ ਇਸ ਮਰਦ ਨਾਲ ਹੈ ਪਰ ਪਤੀ ਵਾਲੇ ਸਾਰੇ ਫ਼ਰਜ਼ ਇਸ ਦਾ ਜੇਠ ਹੀ ਨਿਭਾ ਰਿਹਾ ਹੈ। ਪੂਰੇ ਪਿੰਡ ਨੂੰ ਇਸ ‘ਤੇ ਕੋਈ ਇਤਰਾਜ਼ ਨਹੀ ਹੈ। ਗੁਰਬਤ ਨਾਲ ਲੜਦਿਆਂ ਵੀ ਇਸ ਜੇਠ ਕਰਕੇ ਹੀ ਇਹਨਾਂ ਨਿਆਣਿਆਂ ਨੂੰ ਸਿਰ ‘ਤੇ ਛੱਤ, ਤਨ ‘ਤੇ ਕੱਪੜੇ, ਅਤੇ ਦੋ ਵੇਲੇ ਦੀ ਰੋਟੀ ਤਾਂ ਮਿਲੀ ਹੀ ਜਾਂਦੀ ਹੈ। ਜੇ ਇਸ ਦੇ ਖਿਲਾਫ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਟੱਬਰ ਬਿਲਕੁਲ ਹੀ ਬਰਬਾਦ ਹੋ ਜਾਵੇਗਾ। ਸਾਰੇ ਪੱਖ ਗਹੁ ਨਾਲ ਵਾਚਣ ਤੋਂ ਬਾਅਦ ਉਸ ਔਰਤ ਅਤੇ ਪਰਿਵਾਰ ਦੀ ਭਲਾਈ ਵਾਸਤੇ ਉਸ ਦੇ ਜੇਠ ਨੂੰ ਕੁੱਝ ਹਦਾਇਤਾਂ ਦੇ ਕੇ ਮਾਮਲੇ ਦਾ ਨਿਪਟਾਰਾ ਕੀਤਾ ਗਿਆ।

ਐਡਵੋਕੇਟ ਗਗਨਦੀਪ ਸਿੰਘ ਗੁਰਾਇਆ
(97815-00050)