ਕੈਨੇਡਾ ਤੋਂ ਪਰਤੇ ਨੌਜਵਾਨ ਤੋਂ 6 ਪਿਸਤੌਲ ਤੇ ਜ਼ਿੰਦਾ ਕਾਰਤੂਸ ਕੀਤੇ ਬਰਾਮਦ


ਨੌਜਵਾਨ ਦਾ ਪਾਕਿਸਤਾਨੀ ਸਮਗਲਰਾਂ ਨਾਲ ਦੱਸਿਆ ਜਾ ਰਿਹਾ ਹੈ ਸਬੰਧ
(ਨਿਊਜ਼ ਟਾਊਨ ਨੈਟਵਰਕ)
ਅੰਮ੍ਰਿਤਸਰ, 15 ਅਕਤੂਬਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਥਾਣਾ ਘਰੀਂਡਾ ਦੀ ਟੀਮ ਨੇ ਕੈਨੇਡਾ ਤੋਂ ਇਕ ਮਹੀਨਾ ਪਹਿਲਾਂ ਵਾਪਸ ਆਏ ਨੌਜਵਾਨ ਨੂੰ ਗ੍ਰਿਫ਼ਤਾਰ ਕਰਦੇ ਹੋਏ, ਉਸ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਆਰੋਪੀ ਦੀ ਪਛਾਣ ਅਮਰਬੀਰ ਸਿੰਘ ਉਰਫ਼ ਅਮਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਉਸ ਦੇ ਕੋਲੋਂ ਛੇ ਪਿਸਤੌਲ ਪੌਇੰਟ 30 ਬੋਰ, 91 ਜਿੰਦਾ ਰੋਂਦ (.30ਬੋਰ), 20 ਜਿੰਦਾ ਕਾਰਤੂਸ (9 ਐਮ ਐਮ) ਅਤੇ 11 ਮੈਗਜ਼ੀਨ ਬਰਾਮਦ ਕੀਤੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ 8 ਅਕਤੂਬਰ ਨੂੰ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਉਹਨਾਂ ਕੋਲੋਂ ਤਿੰਨ ਪਿਸਤੌਲ, ਚਾਰ ਮੈਗਜ਼ੀਨ, 10 ਜਿੰਦਾ ਕਾਰਤੂ ਅਤੇ ਇੱਕ ਬਿਨਾਂ ਨੰਬਰ ਦੀ ਮੋਟਰਸਾਈਕਲ ਬਰਾਮਦ ਹੋਈ ਸੀ। ਉਸੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਅਮਰਬੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ, ਜੋ ਕਿ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਆਇਆ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਸਦੇ ਪਾਕਿਸਤਾਨੀ ਸਮਗਲਰਾਂ ਨਾਲ ਸੰਪਰਕ ਸਨ ਅਤੇ ਉਹ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਨੇ ਹੁਣ ਤੱਕ ਕੁੱਲ 9 ਪਿਸਤੌਲ (.30 ਬੋਰ), 101 ਜਿੰਦਾ ਕਾਰਤੂਸ (.30 ਬੋਰ), 20 ਜਿੰਦਾ ਕਾਰਤੂਸ (9 ਐਮ ਐਮ), 11 ਮੈਗਜ਼ੀਨ, ਦੋ ਵਾਹਨ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਆਏ ਤੇ ਕਿਹੜੇ ਗਰੁੱਪ ਨੂੰ ਸਪਲਾਈ ਕੀਤੇ ਜਾਣੇ ਸਨ।