ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ


ਮਾਂ-ਪੁੱਤਰ ਦੀ ਮੌਕੇ ‘ਤੇ ਮੌਤ, ਪਿਤਾ ਤੇ ਧੀ ਜ਼ਖ਼ਮੀ
(ਨਿਊਜ਼ ਟਾਊਨ ਨੈਟਵਰਕ)
ਦਸੂਹਾ, 15 ਅਕਤੂਬਰ : ਹੁਸ਼ਿਆਰਪੁਰ ਦੇ ਦਸੂਹਾ ਨੇੜੇ ਪੈਂਦੇ ਅੱਡਾ ਉਂਚੀਬਸੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ। ਕਾਰ ‘ਚ ਸਵਾਰ ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨ ਲਈ ਜਾ ਰਿਹਾ ਸੀ। ਕਾਰ ਵਿਚ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ, ਜਿਸ ‘ਚ ਇੱਕ ਪਤੀ, ਪਤਨੀ ਅਤੇ ਦੋ ਬੱਚੇ ਸਨ। ਇਸ ਹਾਦਸੇ ‘ਚ ਮਾਂ ਅਤੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਧੀ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇੱਕ ਫੌਜੀ ਅਧਿਕਾਰੀ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਿਆਮ ਜੀ ਦਰਸ਼ਨਾਂ ਲਈ ਜਾ ਰਿਹਾ ਸੀ। ਉਸਦੀ ਸਵਿਫਟ ਡਿਜ਼ਾਇਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਂਚੀਬਸੀ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ। ਸ਼ਕਤੀ ਸਿੰਘ ਅਤੇ ਉਸਦੀ 3 ਸਾਲ ਦੀ ਧੀ ਹਾਦਸੇ ਵਿੱਚ ਬਚ ਗਏ ਪਰ ਉਸਦੀ ਪਤਨੀ ਮੀਰਾ ਮਿਨਹਾਸ ਅਤੇ 4 ਸਾਲ ਦੇ ਪੁੱਤਰ ਹਰੀਅਨਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਸ਼ਕਤੀ ਸਿੰਘ ਅਤੇ ਉਸਦੀ ਧੀ ਦਾ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।