ਨਕਲੀ Closeup ਅਤੇ ENO ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾ ਫ਼ਾਸ਼!


ਵੱਡੀ ਮਾਤਰਾ ਵਿਚ ਨਕਲੀ ਸਾਮਾਨ ਬਰਾਮਦ
(ਨਿਊਜ਼ ਟਾਊਨ ਨੈਟਵਰਕ)
ਨਵੀਂ ਦਿੱਲੀ, 15 ਅਕਤੂਬਰ : ਲੋਕਾਂ ਦੀ ਸਿਹਤ ਨਾਲ ਕਿਵੇਂ ਖਿਲਵਾੜ ਕੀਤਾ ਜਾਂਦਾ ਹੈ, ਇਸ ਦਾ ਅੰਦਾਜ਼ਾ ਦਿੱਲੀ ਤੋਂ ਆਈ ਇਕ ਖ਼ਬਰ ਤੋਂ ਲਗਾਇਆ ਜਾ ਸਕਦਾ ਹੈ। ਇਥੇ ਛਾਪਿਆਂ ਦੌਰਾਨ ਦੋ ਫੈਕਟਰੀਆਂ ਦਾ ਪਰਦਾ ਫ਼ਾਸ਼ ਕੀਤਾ ਗਿਆ ਜੋ ਨਕਲੀ ਟੁੱਥ ਪੇਸਟ, ENO ਅਤੇ ਹੋਰ ਰੋਜ਼ਾਨਾ ਵਰਤੋਂ ਦੇ ਉਤਪਾਦ ਬਣਾਉਂਦੀਆਂ ਸਨ। ਛਾਪੇ ਮਾਰਨ ਵਾਲੀ ਟੀਮ ਨੇ ਦੋਹਾਂ ਫੈਕਟਰੀਆਂ ਨੂੰ ਸੀਲ ਕਰ ਦਿਤਾ ਹੈ। ਜਾਣਕਾਰੀ ਅਨੁਸਾਰ ਇਹ ਫੈਕਟਰੀਆਂ ਵਜ਼ੀਰਾਬਾਦ ਵਿਚ ਇਕ ਦੂਜੇ ਤੋਂ ਥੋੜੀ ਦੂਰੀ ‘ਤੇ ਚੱਲ ਰਹੀਆਂ ਸਨ। ਇਕ ਕੰਪਨੀ ਨਕਲੀ ਟੁੱਥ ਪੇਸਟ ਬਣਾਉਂਦੀ ਸੀ ਜਦਕਿ ਦੂਜੀ ENO ਬਣਾਉਂਦੀ ਸੀ। ਇਥੇ ਸਮਾਨ ਤਿਆਰ ਕਰਨ ਤੋਂ ਬਾਅਦ ਉਤਪਾਦਾਂ ਨੂੰ ਦਿੱਲੀ ਅਤੇ ਹੋਰ ਰਾਜਾਂ ਦੇ ਬਾਜ਼ਾਰਾਂ ਵਿਚ ਸਪਲਾਈ ਕੀਤਾ ਜਾਂਦਾ ਸੀ। ਵਜ਼ੀਰਾਬਾਦ ਪੁਲਿਸ ਨੇ ਦੱਸਿਆ ਕਿ ਇਥੇ ਦੋ ਫੈਕਟਰੀਆਂ ਨਕਲੀ ਟੁੱਥ ਪੇਸਟ ਅਤੇ ENO ਦੇ ਨਾਲ-ਨਾਲ ਹੋਰ ਰੋਜ਼ਾਨਾ ਵਰਤੋਂ ਦੇ ਉਤਪਾਦਾਂ ਦਾ ਨਿਰਮਾਣ ਕਰਦੀਆਂ ਹਨ। ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਨਕਲੀ ਟੁੱਥ ਪੇਸਟ ਅਤੇ ENO ਬਣਾਉਣ ਦਾ ਨਕਲੀ ਸਮਾਨ ਬਰਾਮਦ ਕੀਤਾ ਗਿਆ ਹੈ। ਨਾਲ ਹੀ ਜਗਤਪੁਰ ਦੇ ਇਕ ਰਿਹਾਇਸ਼ੀ ਘਰ ਤੋਂ ਵੱਡੀ ਮਾਤਰਾ ਵਿੱਚ ਨਕਲੀ ਸਮਾਨ ਵੀ ਬਰਾਮਦ ਕੀਤਾ ਗਿਆ। ਇਥੇ ਤਿਆਰ ਕੀਤਾ ਗਿਆ ਟੁੱਥ ਪੇਸਟ ਜੇ ਵਰਤਿਆ ਜਾਵੇ ਤਾਂ ਦੰਦਾਂ ਦਾ ਸੜਨ ਦਾ ਕਾਰਨ ਬਣ ਸਕਦਾ ਹੈ। ਨਕਲੀ ENO ਇੰਨਾ ਜ਼ਹਿਰੀਲਾ ਸੀ ਕਿ ਇਸ ਨੂੰ ਪੀਣ ਨਾਲ ਪੇਟ ਵਿਚ ਜਲਣ ਹੋ ਸਕਦੀ ਹੈ। ਫੈਕਟਰੀਆਂ ਨੂੰ ਸੀਲ ਕਰ ਦਿਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।