ਕੈਲੇਫੋਰਨੀਆ ਵਿਚ ਸਿੱਖਾਂ ਦੀ ਸੁਰੱਖਿਆ ਨਾਲ ਸਬੰਧਤ ‘ਐਸ.ਬੀ 509’ ਬਿਲ ਰੱਦ


ਗਵਰਨਰ ਵਲੋਂ ਵੀਟੋ ਸ਼ਕਤੀ ਰਾਹੀਂ ਬਿਲ ਰੱਦ ਕਰਨ ਵਿਰੁਧ ਸਿੱਖਾਂ ਵਿਚ ਫੈਲੀ ਨਿਰਾਸ਼ਾ
(ਨਿਊਜ਼ ਟਾਊਨ ਨੈਟਵਰਕ)
ਸੈਕਰਾਮੈਂਟੋ, 15 ਅਕਤੂਬਰ : ਅਮਰੀਕਾ ਵਿਚ ਵਸਦੇ ਸਿੱਖਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸਿੱਖਾਂ ਨੂੰ ਵਿਦੇਸ਼ੀ ਤਾਕਤਾਂ ਤੋਂ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਸੂਬਾ ਅਸੈਂਬਲੀ ਅਤੇ ਸੈਨੇਨ ਵਲੋਂ ਪਾਸ ਕੀਤਾ ਗਿਆ ਬਿਲ ‘ਐਸ.ਬੀ 509’ ਗਵਰਨਰ ਨੇ ਆਪਣੀ ਵੀਟੋ ਪਾਵਰ ਦੀ ਵਰਤੋਂ ਕਰਦਿਆਂ ਰੱਦ ਕਰ ਦਿਤਾ। ਸੂਬਾ ਅਸੈਂਬਲੀ ਅਤੇ ਸੈਨੇਟ ਨੇ ਇਸ ਬਿਲ ਨੂੰ ਪਾਸ ਕਰ ਦਿਤਾ ਸੀ ਪਰ ਗਵਰਨਰ ਗੈਵਿਨ ਨਿਊਸਮ ਨੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਦਿਆਂ ਇਸ ਬਿਲ ਨੂੰ ਰੱਦ ਕਰ ਦਿਤਾ। ਇਸ ਬਿਲ ਨੂੰ ਪਾਸ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੀ ਡਾ. ਜਸਮੀਤ ਕੌਰ ਬੈਂਸ ਨੇ ਆਖਿਆ ਕਿ ਗਵਰਨਰ ਵਲੋਂ ਜਾਤ ਆਧਾਰਤ ਵਿਤਕਰਾ ਰੋਕਣ ਦੀ ਗੱਲ ਕਹਿ ਕੇ ਬਿਲ ਨੂੰ ਰੱਦ ਕੀਤਾ ਗਿਆ ਅਤੇ ਹੁਣ ਕੈਲੇਫੋਰਨੀਆ ਵਾਸੀਆਂ ਨੂੰ ਟਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਬਚਾਉਣ ਵਾਲੇ ਬਿਲ ਨੂੰ ਵੀ ਵੀਟੋ ਕਰ ਦਿਤਾ। ਉਨ੍ਹਾਂ ਤੰਜ਼ ਕਸਦਿਆਂ ਆਖਿਆ ਕਿ ਸ਼ੁਕਰ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਤ ਮਤਾ ਪਾਸ ਕਰਵਾਉਣ ਲਈ ਗਵਰਨਰ ਦੇ ਦਸਤਖ਼ਤਾਂ ਦੀ ਜ਼ਰੂਰਤ ਨਹੀਂ ਪਈ। ਡਾ. ਬੈਂਸ ਨੇ ਆਖਿਆ ਕਿ ਸਿੱਖਾਂ ਨੂੰ ਆਪਣੀ ਆਵਾਜ਼ ਮਿਲ ਚੁੱਕੀ ਹੈ ਅਤੇ ਇਸ ਮਾਮਲੇ ਵਿਚ ਕਈ ਮੈਂਬਰ ਸਾਡੇ ਨਾਲ ਡਟੇ ਹੋਏ ਹਨ। ਇਸੇ ਦੌਰਾਨ ਸਿੱਖ ਕੋਲੀਸ਼ਨ ਦੇ ਫੈਡਰਲ ਪੌਲਿਸੀ ਮੈਨੇਜਰ ਹਰਜੋਤ ਸਿੰਘ ਨੇ ਦੱਸਿਆ ਕਿ ਗਵਰਨਰ ਗੈਵਿਨ ਨਿਊਸਮ ਵਲੋਂ ਭਾਵੇਂ ‘ਬਿਲ 509’ ਰੱਦ ਕਰ ਦਿਤਾ ਗਿਆ ਹੈ ਪਰ ਆਪਣੇ ਵੀਟੋ ਮੈਸੇਜ ਵਿਚ ਉਨ੍ਹਾਂ ਕਿਹਾ ਹੈ ਕਿ ਕੈਲੇਫੋਰਨੀਆ ਆਫ਼ਿਸ ਆਫ਼ ਐਮਰਜੈਂਸੀ ਸਰਵਿਸਿਜ਼ ਵਲੋਂ ਵਿਦੇਸ਼ੀ ਤਾਕਤਾਂ ਦੇ ਜਬਰ ਨੂੰ ਠੱਲ੍ਹ ਪਾਉਣ ਲਈ ਟਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਖ ਕੋਲੀਸ਼ਨ ਵਲੋਂ ਇਸ ਟਰੇਨਿੰਗ ਪ੍ਰੋਗਰਾਮ ਦੀ ਮੌਜੂਦਗੀ ਬਾਰੇ ਜਲਦ ਤਸਦੀਕ ਕੀਤੀ ਜਾਵੇਗਾ। ਦੂਜੇ ਪਾਸੇ, ਕੋਲੀਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮੈਰਿਕਾ ਵਲੋਂ ‘ਐਸਬੀ 509’ ਰੱਦ ਕੀਤੇ ਜਾਣ ਦਾ ਸਵਾਗਤ ਕੀਤਾ ਗਿਆ ਹੈ। ਜਥੇਬੰਦੀ ਨੇ ਦਲੀਲ ਦਿਤੀ ਕਿ ਕੈਲੇਫੋਰਨੀਆ ਵਿਚ ਕਿਸੇ ਹਿੰਦੂ ਮੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਵਿਰੋਧ ਕਰਨ ਵਾਲਿਆਂ ਨੂੰ ਬਿਲ ਤਹਿਤ ਭਾਰਤ ਸਰਕਾਰ ਦੇ ਲੁਕਵੇਂ ਏਜੰਟ ਮੰਨਿਆ ਜਾ ਸਕਦਾ ਹੈ। ਕੈਲੇਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਡਾ. ਜਸਮੀਤ ਕੌਰ ਬੈਂਸ ਨੇ ਬਿਲ ਪਾਸ ਹੋਣ ਮਗਰੋਂ ਆਖਿਆ ਸੀ ਕਿ ਬਿਲਕੁਲ ਅਜਿਹਾ ਹੀ ਬਿਲ ਅਮਰੀਕਾ ਦੀ ਸੰਸਦ ਵਿਚ ਵੀ ਪਾਸ ਹੋਣਾ ਚਾਹੀਦਾ ਹੈ ਤਾਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵਲੋਂ ਦਬਾਇਆ ਨਾ ਜਾ ਸਕੇ। ਇਸ ਤੋਂ ਇਲਾਵਾ ਸਿੱਖ ਅਮੈਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ ਵਰਗੀਆਂ ਕਈ ਜਥੇਬੰਦੀਆਂ ਨੇ ਵੀ ਇਸ ਬਿਲ ਦੀ ਜ਼ੋਰਦਾਰ ਹਮਾਇਤ ਕੀਤੀ ਪਰ ਇਹ ਸਭ ਦੇ ਬਾਵਜੂਦ ਹੁਣ ਇਹ ਬਿਲ ਰੱਦ ਹੋ ਚੁੱਕਾ ਹੈ।