ਨਹੀਂ ਰਹੇ ਪੰਕਜ ਧੀਰ, 68 ਸਾਲ ਦੀ ਉਮਰ ਵਿਚ ਲਿਆ ਆਖ਼ਰੀ ਸਾਹ


ਮਹਾਂ-ਭਾਰਤ ਵਿਚ ਨਿਭਾਈ ਸੀ ‘ਕਰਨ’ ਦੀ ਭੂਮਿਕਾ
(ਨਿਊਜ਼ ਟਾਊਨ ਨੈਟਵਰਕ)
ਮੁੰਬਈ, 15 ਅਕਤੂਬਰ : ਮਹਾਂ-ਭਾਰਤ ਵਿਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਟੀ.ਵੀ ਅਤੇ ਬਾਲੀਵੁੱਡ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ 68 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਪੰਕਜ ਧੀਰ ਨੇ ਪ੍ਰਸਿੱਧ ਟੀ.ਵੀ ਲੜੀਵਾਰ ਮਹਾਂਭਾਰਤ ਵਿਚ ਕਰਨ ਦੀ ਭੂਮਿਕਾ ਨਿਭਾਈ ਸੀ, ਜਿਸ ਨੇ ਉਨ੍ਹਾਂ ਨੂੰ ਪਰਦੇ ‘ਤੇ ਇਕ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਨੇ ਕਈ ਪ੍ਰਮੁੱਖ ਬਾਲੀਵੁੱਡ ਸਿਤਾਰਿਆਂ ਨਾਲ ਵੀ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਦਿੱਗਜ ਅਦਾਕਾਰ ਕੈਂਸਰ ਤੋਂ ਪੀੜਤ ਸੀ। ਇਸ ਸਾਲ ਮਾਰਚ ਵਿਚ ਖ਼ਬਰ ਆਈ ਕਿ ਉਸ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਆਈ.ਸੀ.ਯੂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੰਕਜ ਦੇ ਪਰਿਵਾਰ ਅਤੇ ਫੈਨਜ਼ ਉਨ੍ਹਾਂ ਦੇ ਦੇਹਾਂਤ ਨਾਲ ਬਹੁਤ ਸਦਮੇ ਵਿਚ ਹਨ। ‘ਮਹਾਂ-ਭਾਰਤ’ ਵਿਚ ਅਰਜੁਨ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਪੰਕਜ ਦੇ ਦੋਸਤ ਫ਼ਿਰੋਜ਼ ਖ਼ਾਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, “ਇਹ ਸੱਚ ਹੈ ਕਿ ਪੰਕਜ ਹੁਣ ਨਹੀਂ ਰਹੇ। ਮੈਂ ਇਕ ਬਹੁਤ ਵਧੀਆ ਦੋਸਤ ਗੁਆ ਦਿਤਾ ਹੈ। ਉਹ ਇਕ ਸ਼ਾਨਦਾਰ ਵਿਅਕਤੀ ਸੀ। ਮੈਂ ਸਦਮੇ ਵਿਚ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਕੀ ਕਹਾਂ। ਉਹ ਸੱਚਮੁੱਚ ਇਕ ਅਦਭੁੱਤ ਵਿਅਕਤੀ ਸੀ।” ਪੰਕਜ ਨੇ ਟੀਵੀ ਅਤੇ ਫ਼ਿਲਮ ਇੰਡਸਟਰੀ ਵਿਚ ਕਈ ਪ੍ਰੋਜੈਕਟਾਂ ਵਿਚ ਕੰਮ ਕੀਤਾ ਸੀ। ਹਾਲਾਂਕਿ, ਉਸ ਨੂੰ ਬੀਆਰ ਚੋਪੜਾ ਦੇ 1988 ਦੇ ਮਹਾਂ-ਭਾਰਤ ਨਾਲ ਪ੍ਰਸਿੱਧੀ ਮਿਲੀ। ਇਸ ਸ਼ੋਅ ਵਿਚ ਅਦਾਕਾਰ ਨੇ ਕਰਨ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਜਿਸ ਸੰਜ਼ੀਦਗੀ ਨਾਲ ਇਸ ਕਿਰਦਾਰ ਨੂੰ ਨਿਭਾਇਆ ਸੀ, ਉਸ ਦੀ ਅੱਜ ਵੀ ਮਿਸਾਲ ਦਿਤੀ ਜਾਂਦੀ ਹੈ। ਉਹ ਆਪਣੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕਿਤਨ ਧੀਰ ਨੂੰ ਪਿੱਛੇ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਨਿਕਿਤਨ ਧੀਰ ਸ਼ੋਅਬਿਜ਼ ਵਿਚ ਐਕਟਿਵ ਹੈ।