ਅਫ਼ਗਾਨਿਸਤਾਨ ਵਿਚ ਦੁਬਾਰਾ ਦੂਤਾਵਾਸ ਖੋਲ੍ਹੇਗਾ ਭਾਰਤ

ਜੈਸ਼ੰਕਰ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 10 ਅਕਤੂਬਰ (ਨਿਊਜ਼ ਟਾਊਨ ਨੈਟਵਰਕ) : ਭਾਰਤ-ਅਫ਼ਗਾਨਿਸਤਾਨ ਵਿਚ ਅਪਣਾ ਦੂਤਾਵਾਸ ਦੁਬਾਰਾ ਖੋਲ੍ਹੇਗਾ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਸ਼ੁਕਰਵਾਰ ਨੂੰ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨਾਲ ਦੁਵੱਲੀ ਮੁਲਾਕਾਤ ਦੌਰਾਨ ਇਹ ਐਲਾਨ ਕੀਤਾ। ਜੈਸ਼ੰਕਰ ਨੇ ਕਿਹਾ ਕਿ ਭਾਰਤ ਕਾਬੁਲ ਵਿਚ ਅਪਣੇ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਵਿਚ ਬਦਲ ਦੇਵੇਗਾ। 2021 ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਨੇ ਦੂਤਾਵਾਸ ਬੰਦ ਕਰ ਦਿਤਾ ਸੀ, ਪਰ ਵਪਾਰ, ਡਾਕਟਰੀ ਸਹਾਇਤਾ ਅਤੇ ਮਨੁੱਖੀ ਸਹਾਇਤਾ ਦੀ ਸਹੂਲਤ ਲਈ ਇਕ ਸਾਲ ਬਾਅਦ ਇਕ ਛੋਟਾ ਮਿਸ਼ਨ ਖੋਲ੍ਹਿਆ। ਦਿੱਲੀ ਵਿਚ ਜੈਸ਼ੰਕਰ ਅਤੇ ਮੁਤੱਕੀ ਵਿਚਕਾਰ ਹੋਈ ਮੀਟਿੰਗ ਦੌਰਾਨ ਕਿਸੇ ਵੀ ਦੇਸ਼ ਦੇ ਝੰਡੇ ਦੀ ਵਰਤੋਂ ਨਹੀਂ ਕੀਤੀ ਗਈ। ਦਰਅਸਲ, ਭਾਰਤ ਨੇ ਅਜੇ ਤਕ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਨਹੀਂ ਦਿਤੀ ਹੈ। ਮੁਤੱਕੀ ਵੀਰਵਾਰ ਨੂੰ ਇਕ ਹਫ਼ਤੇ ਦੀ ਯਾਤਰਾ ਲਈ ਦਿੱਲੀ ਪਹੁੰਚੇ। ਅਗੱਸਤ 2021 ਵਿਚ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਕਾਬੁਲ ਤੋਂ ਦਿੱਲੀ ਦੀ ਪਹਿਲੀ ਮੰਤਰੀ ਪੱਧਰੀ ਯਾਤਰਾ ਹੈ। ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਅਫ਼ਗਾਨਿਸਤਾਨ ਦੇ ਵਿਕਾਸ ਵਿਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਨੇ ਅਤਿਵਾਦ ਨਾਲ ਲੜਨ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਮੁਤੱਕੀ ਨੂੰ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਦੀ ਕਦਰ ਕਰਦੇ ਹਾਂ ਅਤੇ ਪਹਿਲਗਾਮ ਅਤਿਵਾਦੀ ਹਮਲੇ ਦੌਰਾਨ ਤੁਹਾਡਾ ਸਮਰਥਨ ਸ਼ਲਾਘਾਯੋਗ ਸੀ। ਜੈਸ਼ੰਕਰ ਨੇ ਕਿਹਾ, “ਭਾਰਤ ਅਫ਼ਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨੂੰ ਹੋਰ ਮਜ਼ਬੂਤ ਕਰਨ ਲਈ, ਮੈਂ ਅੱਜ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਭਾਰਤੀ ਦੂਤਾਵਾਸ ਦਾ ਦਰਜਾ ਦੇਣ ਦਾ ਐਲਾਨ ਕਰ ਰਿਹਾ ਹਾਂ।” ਮੁਤੱਕੀ ਨੇ ਭਾਰਤ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਵਿਚ ਭੂਚਾਲ ਦੌਰਾਨ ਸਹਾਇਤਾ ਪ੍ਰਦਾਨ ਕਰਨ ਵਾਲਾ ਪਹਿਲਾ ਦੇਸ਼ ਸੀ। ਅਫ਼ਗਾਨਿਸਤਾਨ ਭਾਰਤ ਨੂੰ ਇਕ ਕਰੀਬੀ ਦੋਸਤ ਮੰਨਦਾ ਹੈ। ਭਾਰਤ ਨੇ ਅਜੇ ਤਕ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਨੂੰ ਅਧਿਕਾਰਤ ਤੌਰ ‘ਤੇ ਮਾਨਤਾ ਨਹੀਂ ਦਿਤੀ ਹੈ। ਇਸ ਕਾਰਨ ਕਰ ਕੇ ਭਾਰਤ ਨੇ ਤਾਲਿਬਾਨ ਨੂੰ ਅਫ਼ਗਾਨ ਦੂਤਾਵਾਸ ‘ਤੇ ਅਪਣਾ ਝੰਡਾ ਲਹਿਰਾਉਣ ਦੀ ਇਜਾਜ਼ਤ ਨਹੀਂ ਦਿਤੀ ਹੈ। ਇਸਲਾਮੀ ਗਣਰਾਜ ਅਫ਼ਗਾਨਿਸਤਾਨ (ਬਾਹਰ ਕੱਢੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਦੀ ਅਗਵਾਈ ਵਾਲਾ ਸ਼ਾਸਨ) ਦਾ ਝੰਡਾ ਅਜੇ ਵੀ ਦੂਤਾਵਾਸ ‘ਤੇ ਲਹਿਰਾਉਂਦਾ ਹੈ। ਇਹ ਨਿਯਮ ਹੁਣ ਤਕ ਲਾਗੂ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਤੱਕੀ ਦਾ ਭਾਰਤ ਦੌਰਾ ਸਿਰਫ਼ ਰਾਜਨੀਤਿਕ ਮੀਟਿੰਗਾਂ ਤਕ ਸੀਮਤ ਨਹੀਂ ਹੋਵੇਗਾ। ਉਹ ਸਭਿਆਚਾਰਕ ਅਤੇ ਧਾਰਮਕ ਸਥਾਨਾਂ ਦਾ ਵੀ ਦੌਰਾ ਕਰਨਗੇ। ਦੱਸਣਯੋਗ ਹੈ ਕਿ 11 ਅਕਤੂਬਰ ਨੂੰ ਮੁਤੱਕੀ ਸਹਾਰਨਪੁਰ ਵਿਚ ਮਸ਼ਹੂਰ ਦਾਰੁਲ ਉਲੂਮ ਦੇਵਬੰਦ ਮਦਰੱਸੇ ਦਾ ਦੌਰਾ ਕਰਨਗੇ। ਇਸ ਸੰਸਥਾ ਨੂੰ ਦੁਨੀਆਂ ਭਰ ਦੇ ਮੁਸਲਿਮ ਭਾਈਚਾਰਿਆਂ ਵਿਚ ਵਿਚਾਰਧਾਰਾ ਅਤੇ ਅੰਦੋਲਨ ਦਾ ਕੇਂਦਰ ਮੰਨਿਆ ਜਾਂਦਾ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਸਥਿਤ ਦਾਰੁਲ ਉਲੂਮ ਹੱਕਾਨੀਆ, ਇਸ ਦੇਵਬੰਦ ਮਾਡਲ ‘ਤੇ ਬਣਾਇਆ ਗਿਆ ਸੀ। ਇਸ ਨੂੰ “ਤਾਲਿਬਾਨ ਯੂਨੀਵਰਸਿਟੀ” ਵਜੋਂ ਵੀ ਜਾਣਿਆ ਜਾਂਦਾ ਹੈ। ਪ੍ਰਸਿੱਧ ਤਾਲਿਬਾਨ ਕਮਾਂਡਰਾਂ ਮੁੱਲਾ ਉਮਰ, ਜਲਾਲੂਦੀਨ ਹੱਕਾਨੀ ਅਤੇ ਮੁੱਲਾ ਅਬਦੁਲ ਗਨੀ ਬਰਾਦਰ ਨੇ ਇੱਥੇ ਪੜ੍ਹਾਈ ਕੀਤੀ। 12 ਅਕਤੂਬਰ ਨੂੰ ਮੁਤੱਕੀ ਆਗਰਾ ਵਿਚ ਤਾਜ ਮਹਿਲ ਦਾ ਦੌਰਾ ਕਰਨਗੇ। ਫਿਰ ਉਹ ਨਵੀਂ ਦਿੱਲੀ ਵਿਚ ਉਦਯੋਗ ਅਤੇ ਵਪਾਰਕ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਵਿਚ ਸ਼ਾਮਲ ਹੋਣਗੇ, ਜੋ ਕਿ ਇਕ ਪ੍ਰਮੁੱਖ ਚੈਂਬਰ ਆਫ਼ ਕਾਮਰਸ ਦੁਆਰਾ ਆਯੋਜਤ ਕੀਤੀ ਜਾਵੇਗੀ।