ਲੈਂਡ ਪੂਲਿੰਗ ਨੀਤੀ ਵਿਰੁਧ ਆਵਾਜ਼ ਉਠਾਉਣ ਦੀ ਮਿਲੀ ਸਜ਼ਾ!


ਆਪ ਨੇ ਹਰਮਨਜੀਤ ਸਿੰਘ ਅਤੇ ਰਿੰਪੀ ਗਰੇਵਾਲ ਨੂੰ ਕੀਤਾ ਮੁਅੱਤਲ
(ਨਿਊਜ਼ ਟਾਊਨ ਨੈਟਵਰਕ)
ਮੋਗਾ, 24 ਸਤੰਬਰ : ਆਮ ਆਦਮੀ ਪਾਰਟੀ ਨੇ ਮੋਗਾ ਜ਼ਿਲ੍ਹੇ ’ਚ ਵੱਡੀ ਕਾਰਵਾਈ ਕਰਦੇ ਹੋਏ ਸਾਬਕਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਅਤੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਰਿੰਪੀ ਗਰੇਵਾਲ ਨੂੰ ਪਾਰਟੀ ’ਚ 6 ਮਹੀਨਿਆਂ ਲਈ ਮੁਅੱਤਲ ਕਰ ਦਿਤਾ ਹੈ। ਉਨ੍ਹਾਂ ਖਿਲਾਫ਼ ਪਾਰਟੀ ਵਿਰੁੱਧ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਮਨਜੀਤ ਸਿੰਘ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਲੈਂਡ ਪੂਲਿੰਗ ਪੋਲਿਸੀ ਦਾ ਵਿਰੋਧ ਕੀਤਾ ਗਿਆ ਸੀ ਅਤੇ ਉਨ੍ਹਾਂ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ ਗਿਆ ਸੀ। ਜਿਸ ਦੇ ਚਲਦਿਆਂ ਪਾਰਟੀ ਵਲੋਂ ਹਰਮਨਜੀਤ ਸਿੰਘ ਨੂੰ ਕੁਝ ਦਿਨ ਪਹਿਲਾਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ ਅਤੇ ਦੋ ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਮੰਗਿਆ ਸੀ। ਜਵਾਬ ਨਾਲ ਅਸੰਤੁਸ਼ਟੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਨੇ ਦੋਹਾਂ ਮੁਅੱਤਲ ਕਰ ਦਿਤਾ। ਜ਼ਿਰਕਯੋਗ ਹੈ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਹ ਮੰਗ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਸਨਮੁਖ ਕੀਤੀ ਸੀ ਪਰ ਆਮ ਆਦਮੀ ਪਾਰਟੀ ਨੂੰ ਕੋਈ ਵੀ ਅਜਿਹਾ ਲੀਡਰ ਪ੍ਰਵਾਨ ਨਹੀਂ ਜਿਹੜਾ ਪਾਰਟੀ ਦੇ ਕਿਸੇ ਵੀ ਫ਼ੈਸਲੇ ਵਿਰੁਧ ਅਸਹਿਮਤੀ ਪ੍ਰਗਟ ਕਰਦਾ ਹੋਵੇ।