ਬਦਲੀ ਦਾ ਮੌਕਾ ਨਾ ਮਿਲਿਆ ਤਾਂ ਕਰਾਂਗੇ ਵੱਡਾ ਸੰਘਰਸ਼ : ਯੂਨੀਅਨ


ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
4161 ਮਾਸਟਰ ਕੇਡਰ ਯੂਨੀਅਨ ਵੱਲੋਂ 31 ਅਗਸਤ ਨੂੰ ਗੰਭੀਰਪੁਰ ਵਿੱਚ ਧਰਨਾ ਦਿੱਤਾ ਗਿਆ, ਜਿਸ ਦੌਰਾਨ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਕਰਵਾਈ ਗਈ। ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਵੱਲੋਂ ਕਿਹਾ ਗਿਆ ਕਿ ਜੇਕਰ ਹੋਰ ਸਭ ਨੂੰ ਵਿਸ਼ੇਸ਼ ਮੌਕਾ ਦਿੱਤਾ ਗਿਆ ਤਾਂ 4161 ਮਾਸਟਰ ਕੇਡਰ ਨੂੰ ਵੀ ਮੌਕਾ ਦਿੱਤਾ ਜਾਵੇਗਾ ਪਰ ਇਸ ਬਿਆਨ ਨਾਲ ਕੇਡਰ ਸੰਤੁਸ਼ਟ ਨਹੀਂ ਹੋਇਆ। ਹੁਣ 24 ਸਿਤੰਬਰ ਨੂੰ ਮੁੜ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ। ਯੂਨੀਅਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਇਹ ਮੀਟਿੰਗ ਨਾ ਹੋਈ ਜਾਂ ਫਿਰ ਸਿਰਫ਼ ਲਾਰਾ ਸਾਬਤ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਗੁਰਮੇਲ ਸਿੰਘ ਕੁਲਰੀਆਂ ਨੇ ਰੋਸ਼ ਜਤਾਉਂਦਿਆਂ ਕਿਹਾ ਕਿ ਅਜੇ ਤੱਕ 4161 ਮਾਸਟਰ ਕੇਡਰ ਨੂੰ ਇਕ ਵਾਰ ਵੀ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਜਦਕਿ ਹੋਰ ਸਭ ਨੂੰ ਇਹ ਹੱਕ ਮਿਲ ਚੁੱਕਾ ਹੈ। ਪਹਿਲਾਂ ਵੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਕਈ ਮੀਟਿੰਗਾਂ ਹੋਈਆਂ ਸਨ ਜਿਨ੍ਹਾਂ ਵਿੱਚ ਮੰਤਰੀ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 2025 ਵਿੱਚ ਖੁੱਲਣ ਵਾਲੀਆਂ ਬਦਲੀਆਂ ਵਿੱਚ 4161 ਮਾਸਟਰ ਕੇਡਰ ਨੂੰ ਸ਼ਾਮਲ ਕੀਤਾ ਜਾਵੇਗਾ, ਪਰ ਹੁਣ ਤੱਕ ਮੌਕਾ ਨਹੀਂ ਦਿੱਤਾ ਗਿਆ। ਯੂਨੀਅਨ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਸਬੰਧ ਵਿੱਚ ਸਿੱਖਿਆ ਵਿਭਾਗ ਦੇ ਡੀ.ਪੀ.ਆਈ. ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਫ਼ ਕਿਹਾ ਕਿ ਮੰਤਰੀ ਵੱਲੋਂ ਇਸ ਬਾਰੇ ਕੋਈ ਨੋਟਿਸ ਨਹੀਂ ਆਇਆ।
ਧਰਨੇ ਦੀ ਹਮਾਇਤ ਕਰਦਿਆਂ ਗੌਰਮੈਂਟ ਟੀਚਰ ਯੂਨੀਅਨ ਦੇ ਆਗੂ ਗੁਰਬਿੰਦਰ ਸਿੰਘ ਸਸਕੌਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੀ ਪਹੁੰਚੀਆਂ। ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ 4161 ਮਾਸਟਰ ਕੇਡਰ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ, ਨਹੀਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਬੀਰਇੰਦਰ ਗਿੱਲ, ਵਿੱਤ ਸਕੱਤਰ ਰਵਿੰਦਰ ਸਿੰਘ, ਜਰਨਲ ਸਕੱਤਰ ਮਨਜੀਤ ਲੁਬਾਣਾ, ਬਲਵਿੰਦਰ, ਰੋਹਿਤ, ਮਨਿੰਦਰ ਕੌਰ, ਸੰਨੀ ਰਾਣਾ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਢਿੱਲੋਂ, ਕ੍ਰਿਸਨ ਪਟਿਆਲਾ, ਚਮਕੌਰ ਸਿੰਘ, ਮਨਿੰਦਰ ਫਿਰੋਜ਼ਪੁਰ, ਵੀਨਾ ਸ਼ਰਮਾ, ਕਮਲ, ਸੰਤਰੋ ਦੇਵੀ, ਜੰਟੀ ਅਤੇ ਹੋਰ ਕਈ ਆਗੂ ਹਾਜ਼ਰ ਸਨ।