ਜਥੇਦਾਰ ਵਲੋਂ ਸਰਕਾਰ-ਇ-ਖ਼ਾਲਸਾ ਪੋਰਟਲ ਰਿਲੀਜ਼


ਅੰਮ੍ਰਿਤਸਰ, 19 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :
ਪੰਜਾਬ ਵਿੱਚ ਆਏ ਭਿਆਨਕ ਹੜਾਂ ਤੋਂ ਬਾਅਦ ਜਿੱਥੇ ਕਈ ਪਿੰਡ ਅਜੇ ਵੀ ਮੁਸ਼ਕਲਾਂ ‘ਚ ਘਿਰੇ ਹੋਏ ਹਨ, ਉਥੇ ਹੀ ਹੁਣ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਕ ਵੱਡੀ ਪਹਿਲ ਕੀਤੀ ਗਈ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵੀਰਵਾਰ ਨੂੰ ਇਕ ਖਾਸ ਵੈਬਸਾਈਟ (SARKAREKHALSA.ORG) ਦਾ ਉਦਘਾਟਨ ਕੀਤਾ ਗਿਆ ਹੈ ਜੋ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸਮਰਪਿਤ ਹੈ। ਇਸ ਵੈਬਸਾਈਟ ਰਾਹੀਂ ਉਹ ਹਰ ਵਿਅਕਤੀ, ਜਿਸਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਜਾਂ ਸਮੱਗਰੀ ਦੀ ਲੋੜ ਹੈ, ਸਿੱਧਾ ਸੰਪਰਕ ਕਰ ਸਕੇਗਾ। ਨਾਲ ਹੀ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਦਾਨ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਇਸ ਮੰਚ ਰਾਹੀਂ ਆਪਣਾ ਯੋਗਦਾਨ ਦੇ ਸਕਦੀ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਇਸ ਪਲੇਟਫਾਰਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜਿੱਥੇ ਕਈ ਲੋਕਾਂ ਤੱਕ ਬੇਹਿਸਾਬ ਸਮੱਗਰੀ ਪਹੁੰਚ ਰਹੀ ਹੈ ਪਰ ਕਈ ਲੋੜਵੰਦ ਅਜੇ ਵੀ ਖਾਲੀ ਹੱਥ ਹਨ, ਹੁਣ ਇਹ ਵੈਬਸਾਈਟ ਉਸ ਅਸਮਾਨਤਾ ਨੂੰ ਖਤਮ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਵੈਬਸਾਈਟ ਪੂਰੀ ਤਰ੍ਹਾਂ ਅਪਡੇਟ ਰਹੇਗੀ ਤਾਂ ਜੋ ਹਰ ਇੱਕ ਕੇਸ ਨੂੰ ਵਿਸਥਾਰ ਨਾਲ ਦਰਜ ਕੀਤਾ ਜਾ ਸਕੇ ਅਤੇ ਮਦਦ ਸਹੀ ਥਾਂ ਤੱਕ ਪਹੁੰਚੇ। ਇਸ ਕਦਮ ਨਾਲ ਜਿੱਥੇ ਪਾਰਦਰਸ਼ਤਾ ਬਰਕਰਾਰ ਰਹੇਗੀ, ਉੱਥੇ ਹੀ ਲੋਕਾਂ ਵਿੱਚ ਭਰੋਸਾ ਵੀ ਵਧੇਗਾ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਇਸ ਪ੍ਰਕਿਰਿਆ ਰਾਹੀਂ ਕੋਈ ਧੋਖਾਧੜੀ ਨਾ ਹੋਵੇ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਪੰਜਾਬ ਦੇ ਹੜ-ਪ੍ਰਭਾਵਿਤ ਖੇਤਰਾਂ ਵਿੱਚ ਅਜੇ ਵੀ ਕਈ ਪਰਿਵਾਰ ਬੇਘਰ ਹਨ ਅਤੇ ਆਪਣੀਆਂ ਜ਼ਿੰਦਗੀਆਂ ਨੂੰ ਮੁੜ ਪੱਟੜੀ ‘ਤੇ ਲਿਆਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਥਾਵਾਂ ‘ਤੇ ਰਾਹਤ ਸਮੱਗਰੀ ਵੰਡਣ ਵਿੱਚ ਲੱਗੀਆਂ ਹੋਈਆਂ ਹਨ। ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਗਈ ਇਹ ਡਿਜ਼ਿਟਲ ਪਹਲ ਸਹਾਇਤਾ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਦੇਵੇਗੀ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਸ ਜਤਾਈ ਕਿ ਇਸ ਮੰਚ ਰਾਹੀਂ ਨਾ ਸਿਰਫ਼ ਹੜ ਪੀੜਤ ਪਰਿਵਾਰਾਂ ਨੂੰ ਸਹੀ ਸਮੇਂ ‘ਤੇ ਸਹਾਇਤਾ ਮਿਲੇਗੀ, ਬਲਕਿ ਦਾਨੀਆਂ ਦਾ ਯੋਗਦਾਨ ਵੀ ਸਹੀ ਢੰਗ ਨਾਲ ਲਾਭਪਾਤਰੀਆਂ ਤਕ ਪਹੁੰਚੇਗਾ।
