ਪਾਕਿਸਤਾਨ ਅਤੇ ਸਾਊਦੀ ਅਰਬ ਦਰਮਿਆਨ ਹੋਇਆ ਰੱਖਿਆ ਸਮਝੌਤਾ

0
Screenshot 2025-09-18 132217

ਰਿਆਦ, 18 ਸਤੰਬਰ (ਨਿਊਜ਼ ਟਾਊਨ ਨੈੱਟਵਰਕ) :

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇੱਕ ਰੱਖਿਆ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਸਮਝੌਤੇ ਦੇ ਤਹਿਤ ਇੱਕ ਦੇਸ਼ ’ਤੇ ਹਮਲਾ ਦੂਜੇ ਦੇਸ਼ ’ਤੇ ਹਮਲਾ ਮੰਨਿਆ ਜਾਵੇਗਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਵੇਂ ਦੇਸ਼ਾਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਸਮਝੌਤਾ ਸੁਰੱਖਿਆ ਵਧਾਉਣ ਅਤੇ ਵਿਸ਼ਵ ਸ਼ਾਂਤੀ ਸਥਾਪਤ ਕਰਨ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦਰਮਿਆਨ ਰੱਖਿਆ ਕਾਰਪੋਰੇਸ਼ਨ ਨੂੰ ਵੀ ਵਿਕਸਤ ਕੀਤਾ ਜਾਵੇਗਾ।

ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੇ ਯਾਮਾਮਾ ਪੈਲੇਸ ’ਚ ਹੋਈ ਮੀਟਿੰਗ ਵਿੱਚ ਐਮ.ਬੀ.ਐਸ. ਅਤੇ ਸ਼ਾਹਬਾਜ਼ ਸ਼ਰੀਫ ਨੇ ਕਈ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਦੋਵੇਂ ਆਗੂਆਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀ ਗੱਲਬਾਤ ਕੀਤੀ। ਇਕ ਸੀਨੀਅਰ ਸਾਊਦੀ ਅਧਿਕਾਰੀ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਹਰ ਤਰ੍ਹਾਂ ਦਾ ਫੌਜੀ ਸਹਿਯੋਗ ਕੀਤਾ ਜਾਵੇਗਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ’ਚ ਜ਼ਰੂਰਤ ਪੈਣ ’ਤੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਸ਼ਾਮਲ  ਹੈ ਤਾਂ ਉਨ੍ਹਾਂ ਹਾਂ ’ਚ ਜਵਾਬ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਸਮੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਨਾਲ ਪਾਕਿਸਤਾਨੀ ਫੌਜ ਮੁਖੀ ਆਸੀਮ ਮੁਨੀਰ, ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ, ਰੱਖਿਆ ਮੰਤਰੀ ਖਵਾਜ਼ ਆਸਿਫ਼, ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਅਤੇ ਹੋਰ ਕਈ ਉਚ ਅਧਿਕਾਰੀਆਂ ਦਾ ਵਫ਼ਦ ਸਾਊਦੀ ਪਹੁੰਚਿਆ ਹੈ। ਜਿਸ ਸਮੇਂ ਇਸ ਰੱਖਿਆ ਸਮਝੌਤੇ ’ਤੇ ਸਾਈਨ ਕੀਤੇ ਗਏ ਉਸ ਸਮੇਂ ਪਾਕਿ ਫੌਜ ਮੁਖੀ ਆਸੀਮ ਮੁਨੀਰ ਵੀ ਉਥੇ ਮੌਜੂਦ ਸਨ।

Leave a Reply

Your email address will not be published. Required fields are marked *